ਲੁਧਿਆਣਾ/ਬਰਨਾਲਾ/ਮੋਗਾ: ਪੰਜਾਬ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਪੰਜਾਬ 'ਚ ਕਿਸਾਨ ਸੜਕਾਂ 'ਤੇ ਉਤਰ ਗਏ ਹਨ। ਕਿਸਾਨਾ ਨੇ ਐਲਾਨ ਕੀਤਾ ਕਿ 13 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਖਰੀਦ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ਦਾ ਝੋਨਾ ਖਰਾਬ ਹੋ ਰਿਹਾ ਹੈ। ਇਸ ਦੇ ਨਾਲ ਹੀ, ਨਵੀਆਂ ਫ਼ਸਲਾਂ ਦੀ ਬਿਜਾਈ ਲਈ ਅਨਾਜ ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਕਿਸਾਨਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਸੀ।
ਕਿਸਾਨ ਮੰਡੀਆਂ ਵਿੱਚ ਰੁਲ ਰਹੇ
ਇਸ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉਹ ਸਮਰਾਲਾ, ਮੋਰਿੰਡਾ ਅਤੇ ਕੁਝ ਹੋਰ ਥਾਵਾਂ 'ਤੇ ਜਾ ਕੇ ਵੀ ਕਿਸਾਨਾਂ ਨੂੰ ਸੰਬੋਧਨ ਕਰਨਗੇ। ਲੱਖੋਵਾਲ ਨੇ ਕਿਹਾ ਕਿ ਅਜੇ ਤੱਕ ਫਸਲਾਂ ਦੀ ਖਰੀਦ ਸ਼ੁਰੂ ਨਹੀਂ ਹੋਈ ਹੈ। ਇਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਇਸ ਲਈ ਸੂਬਾ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਗੂ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਾਜਰੇ ਦੀ ਖਰੀਦ ਦੇ ਦਾਅਵੇ ਕੀਤੇ ਸਨ, ਪਰ ਅਜਿਹਾ ਕੁਝ ਨਹੀਂ ਹੋਇਆ। ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਜੇਕਰ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਬੋਰੀਆਂ ਨੂੰ ਸ਼ਿਫਟ ਨਾ ਕੀਤਾ ਤਾਂ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ। ਕਿਸਾਨਾਂ ਦੀ ਲੀਡਰਸ਼ਿਪ 14 ਅਕਤੂਬਰ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਇਕੱਤਰ ਹੋ ਕੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰੇਗੀ।
ਬਰਨਾਲਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਪਰ ਰੇਲ ਅਤੇ ਸੜਕੀ ਮਾਰਗਾਂ ਉੱਪਰ ਧਰਨੇ
ਬਰਨਾਲਾ: ਉੱਥੇ ਹੀ ਅੱਜ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਪਰ ਰੇਲ ਅਤੇ ਸੜਕੀ ਮਾਰਗਾਂ ਉੱਪਰ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਉੱਪਰ ਬਰਨਾਲਾ ਬਠਿੰਡਾ ਰੇਲਵੇ ਮਾਰਗ ਨੂੰ ਜਾਮ ਕੀਤਾ ਗਿਆ ਹੈ। ਉੱਥੇ ਬੀਕੇਯੂ ਕਾਦੀਆਂ, ਬੀਕੇਯੂ ਡਕੌਂਦਾ , ਬੀਕੇਯੂ ਰਾਜੇਵਾਲ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਰੋਡ ਉੱਪਰ ਮਹਿਲ ਕਲਾਂ ਵਿਖੇ, ਮੋਗਾ ਹਾਈਵੇ ਉੱਪਰ ਪੱਖੋ ਕੈਂਚੀਆਂ ਵਿਖੇ, ਬਠਿੰਡਾ ਰੋਡ ਉੱਪਰ ਤਪਾ ਮੰਡੀ ਵਿਖੇ ਅਤੇ ਚੰਡੀਗੜ੍ਹ ਰੋਡ ਉਪਰ ਧਨੌਲਾ ਵਿਖੇ ਸੜਕਾਂ ਉਪਰ ਧਰਨੇ ਲਗਾ ਦਿੱਤੇ ਗਏ ਹਨ। ਕਿਸਾਨਾਂ ਦੇ ਇਨ੍ਹਾਂ ਧਰਨਿਆਂ ਵਿੱਚ ਆੜਤੀਏ ਅਤੇ ਸੈਲਰਾਂ ਵਾਲੇ ਵੀ ਸ਼ਾਮਿਲ ਹੋਏ ਹਨ। ਪ੍ਰਦਰਸ਼ਨਕਾਰੀਆਂ ਜੇ ਇਹ ਧਰਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਮਾੜੇ ਪ੍ਰਬੰਧਾਂ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਦਿੱਤੇ ਜਾ ਰਹੇ ਹਨ।
ਮੋਗਾ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਪ੍ਰਦਰਸ਼ਨ
ਮੋਗਾ: ਇਸਦੇ ਨਾਲ ਹੀ ਮੋਗਾ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਖਿਲਾਫ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨੂਗੀ ਤਾਂ ਹੋਰ ਕੌਣ ਮੰਨੂਗਾ। ਉਨ੍ਹਾਂ ਕਿਹਾ ਕਿ ਧਰਨਾ ਲਾਉਣਾ ਸਾਡਾ ਕੋਈ ਸ਼ੌਕ ਨਹੀਂ ਹੈ ਇਹ ਸਾਡੀ ਮਜ਼ਬੂਰੀ ਬਣ ਗਿਆ ਹੈ। ਕਿਸਾਨ ਆਗੂ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾ ਦੀਆਂ ਮੰਗਾਂ ਨੂੰ ਲੈ ਅਤੇ ਨਾ ਹੀ ਉਨ੍ਹਾਂ ਹੱਕ ਪ੍ਰਤੀ ਸੀਰੀਅਸ ਨਹੀਂ ਹੈ। ਕਿਸਾਨ ਦੀ ਹਰ ਇੱਕ ਗੱਲ ਨੂੰ ਸਰਕਾਰ ਅਣਦੇਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਕੜਕਦੀ ਧੁੱਪ ਵਿੱਚ ਬੈਠੇ ਹਾਂ ਤਾਂ ਅਪਣੀ ਮਜਬੂਰੀ ਖਾਤਰ ਬੈਠੇ ਹਾਂ। ਜੇ ਸਰਕਾਰ ਸਾਡੀ ਫਸਲ ਖਰੀਦ ਲਏ ਅਤੇ ਉਸਦਾ ਚੰਗਾ ਰੇਟ ਦੇ ਦੇਵੇ ਤਾਂ ਸਾਨੂੰ ਧਰਨੇ ਲਾਉਣ ਦੀ ਲੋੜ ਹੀ ਨਹੀਂ, ਅਸੀਂ ਆਪਣੇ ਘਰੇ ਬੈਠੀਏ।
ਅੰਮ੍ਰਿਤਸਰ: ਉੱਥੇ ਹੀ ਅੰਮ੍ਰਿਤਸਰ ਦੀ ਵੱਲਾ ਰੇਲਵੇ ਲਾਈਨ ਨੂੰ ਅੱਜ ਕਿਸਾਨਾਂ ਨੇ ਜਾਮ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਮੰਡੀਆਂ ਵਿੱਚ ਪਈਆਂ ਫਸਲਾਂ ਦੀ ਸਹੀ ਅਤੇ ਤੁਰੰਤ ਖਰੀਦ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੱਕਾ ਰੇਲ ਜਾਮ ਕੀਤਾ ਜਾਵੇਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਨਤੀਜੇ ਭੁਗਤਣੇ ਪੈਣਗੇ ਜਿਸਦੇ ਜਿੰਮੇਵਾਰ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲਣਗੇ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ, ਜਿਸ ਕਾਰਨ ਮੰਡੀਆਂ 'ਚੋਂ ਝੋਨੇ ਦੀ ਖਰੀਦ ਨਹੀਂ ਹੋ ਰਹੀ ਅਤੇ ਪੰਜਾਬ 'ਚ ਡੀਏਪੀ ਖਾਦ ਦੀ ਕਮੀ ਹੈ ਜੇਕਰ ਕਿਸਾਨਾਂ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।
ਪਟਿਆਲਾ: ਪਟਿਆਲਾ ਦੇ ਨਾਭੇ ਧਰਨਾ ਲਾਈ ਬੈਠੇ ਸੀ ਰੋਡ ਬੰਦ ਕਰਿਆ 12 ਵਜੇ ਤੋਂ ਵਜੇ ਤੱਕ ਇਹ ਸਰਕਾਰ ਦੀ ਮਾੜੀਆਂ ਨੀਤੀਆਂ ਪੋਲਸੀਆਂ ਕਾਰਨ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ। ਇਨ੍ਹਾਂ ਦਾ ਮਤਰੇਈ ਮਾਲ ਆ ਸਲੂਕ ਹੈ। ਪੰਜਾਬ ਦੇ ਨਾਲ ਅੱਜ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਆ ਚੁੱਕੀ ਆ ਸਰਕਾਰਾਂ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਨਾ ਆੜਤੀਆਂ ਦਾ ਕੀਤਾ, ਨਾ ਸੈਲਰ ਵਾਲਿਆਂ ਦਾ ਕੀਤਾ ਤੇ ਨਾ ਕਿਸਾਨਾਂ ਦਾ ਕੋਈ ਹੱਲਾ ਕਿਉਂਕਿ ਡੀਏਪੀ ਦੀ ਵੀ ਘਾਟ ਚੱਲ ਰਹੀ ਆ ਤੇ ਸਾਡੀ ਕਿਸਾਨਾਂ ਦੀ ਜੀਰੀਆਈ ਜਿਹੜੀ ਮੰਡੀ ਵਿੱਚ ਵਿਕ ਨਹੀਂ ਰਹੀ। ਕਿਸਾਨ ਕਈ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਕਿਉਂਕਿ ਸੈਲਰਾਂ ਵਾਲੇ ਵੀ ਸਾਡੇ ਆੜਤੀਆ ਦੀ ਵੀ ਮੰਗ ਜਾਇਜ਼ ਆ ਕਿਉਂਕਿ ਪੁਰਾਣਾ ਚੌਲਾ ਜਿਹੜਾ ਸ਼ਾਸਤਰਾਂ ਦੇ ਵਿੱਚ ਪਿਆ ਅਜੇ ਤੱਕ ਉਹ ਚੱਕਿਆ ਨਹੀਂ ਗਿਆ ਉਹ ਚੱਕਿਆ ਜਾਵੇ ਲਿਪਟਿੰਗ ਹੋਊਗੀ ਪਰ ਜਦੋਂ ਇਨ੍ਹਾਂ ਨੂੰ ਪਿਛਲੇ ਮਾਲ ਦੇ ਪੈਸੇ ਨਹੀਂ ਮਿਲੇ ਤਾਂ ਅੱਗੇ ਘਰ ਤਾਂ ਕਿਵੇਂ ਖਾਣਗੇ ਕਈ ਕਈ ਲੱਖਾਂ ਕਰੋੜਾਂ ਤੱਕ ਦਾ ਘਾਟਾ ਸੀ ਨਿਰਮਾਲਕਾਂ ਨੂੰ ਪਿਆ। ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਸਰਕਾਰ ਦੀਆਂ ਕਿੰਨੀਆਂ ਸਰਕਾਰਾਂ ਆਈਆਂ ਅਤੇ ਕਿੰਨੀਆਂ ਗਈਆਂ ਲਾਰੇਬਾਜ ਸਰਕਾਰਾਂ ਹਨ।
ਅਟਾਰੀ: ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਤਿੰਨ ਜਗ੍ਹਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਟਾਰੀ ਵਾਗਾ ਰੋਡ ਤੇ ਰਸਤਾ ਜਾਮ ਕਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਵਰਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਆਈ ਸੀ ਉਹਦੇ ਆਧਾਰ ਦੇ ਉੱਤੇ ਜਿਹੜਾ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਥਾਂ-ਥਾਂ ਰੋਸ ਪ੍ਰਦਰਸ਼ਨ ਜਿਹੜੇ ਆ ਅਸੀਂ ਉਹ ਕਰ ਰਹੇ ਹਾਂ ਇਸ ਕਰਕੇ ਸਾਡੀ ਝੋਨੇ ਜਿਹੜਾ ਉਹਦੀ ਖਰੀਦ ਜਿਹੜੀ ਹੈ ਪਹਿਲੀ ਤਰੀਕ ਤੋਂ ਆਉਣੀ ਸੀ ਉਹ ਅਜੇ ਤੱਕ ਆ ਨਹੀਂ ਰਹੀ ਮੰਡੀਆਂ ਦੇ ਵਿੱਚ ਝੋਨਾ ਸਾਡਾ ਰੁਲ ਰਿਹਾ
ਧਰਨੇ ਪ੍ਰਦਰਸ਼ਨ ਦੇਣ ਲਈ ਮਜਬੂਰ ਕਿਸਾਨ
ਮਾਨਸਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਵਿਖੇ ਕਿਸਾਨਾਂ ਵੱਲੋਂ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ। ਅਜੇ ਤੱਕ ਉਨ੍ਹਾਂ ਦੀ ਫਸਲ ਨੂੰ ਖਰੀਦਣ ਦਾ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਇੱਕ ਅਪ੍ਰੈਲ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦੇਣ ਦੇ ਦਾਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਕਈ ਦਿਨਾਂ ਤੋਂ ਆਪਣੀ ਫਸਲ ਲੈ ਕੇ ਬੈਠੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਮੰਡੀਆਂ ਦੇ ਵਿੱਚ ਇੰਸਪੈਕਟਰਾਂ ਦੀਆਂ ਡਿਊਟੀਆਂ ਤੱਕ ਨਹੀਂ ਲਗਾਈਆਂ ਗਈਆਂ ਅਤੇ ਕਿਸਾਨ ਆਪਣੀਆਂ ਫਸਲਾਂ ਨੂੰ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਉਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਪਰ ਕਿਸਾਨ ਆਪਣਾ ਦਾਣਾ ਦਾਣਾ ਵੇਚਣ ਦੇ ਲਈ ਅੱਜ ਧਰਨੇ ਪ੍ਰਦਰਸ਼ਨ ਦੇਣ ਲਈ ਮਜਬੂਰ ਹੋ ਚੁੱਕੇ ਹਨ। ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਡੀਆਂ ਦੇ ਵਿੱਚ ਜਲਦ ਹੀ ਕਿਸਾਨਾਂ ਦੀ ਫਸਲ ਨਾ ਖਰੀਦੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਪੰਜਾਬ ਅੰਦਰ ਸੜਕਾਂ ਜਾਮ
ਤਰਨਤਾਰਨ: ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਰਨਤਾਰਨ ਤੋਂ ਫਿਰੋਜਪੁਰ ਨੈਸ਼ਨਲ ਹਾਈਵੇਅ ਮਾਰਗ ਨੰਬਰ 54 ਉਪਰ ਪਿੰਡ ਰਸੂਲਪੁਰ ਨਹਿਰਾ ਅਮਰਜੀਤ ਸਿੰਘ ਕਾਹਲਵਾ ਪ੍ਰਧਾਨਗੀ ਹੇਠ ਕੀਤੀ ਗਈ ਹੈ। ਇਸ ਵਿੱਚ ਕਿਸਾਨ ਆਗੂਆਂ ਨੇ ਇਹ ਚਰਚਾ ਕੀਤੀ ਕਿ ਸੰਯੁਕਤ ਕਿਸਾਨ ਮੋਰਚਾ ਦੀ ਟੀਮ ਵੱਲੋਂ ਜਿਹੜਾ 13 ਅਕਤੂਬਰ ਨੂੰ ਪੰਜਾਬ ਅੰਦਰ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਉਸ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਬਾਖੂਬੀ ਲਾਗੂ ਕੀਤਾ ਜਾਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਅੰਦਰ ਰਸੂਲਪੁਰ ਨਹਿਰਾਂ ਅਤੇ ਭਿੱਖੀਵਿੰਡ ਵਿੱਚ 12 ਤੋਂ ਲੈ ਕੇ ਤਿੰਨ ਵਜੇ ਤੱਕ ਤਿੰਨ ਘੰਟਿਆਂ ਲਈ ਸੜਕੀ ਰਸਤਾ ਜਾਮ ਕੀਤਾ ਗਿਆ ਹੈ। ਇਹ ਇਸ ਲਈ ਸਾਨੂੰ ਮਜ਼ਬੂਰ ਹੋਣਾ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਨਾ ਤਾਂ ਗਦਾਮਾਂ ਵਿੱਚੋਂ ਲਿਫਟਿੰਗ ਦਾ ਕੰਮ ਕਰਵਾਇਆ ਹੈ ਤੇ ਨਾ ਹੀ ਸੈਲਰ ਅੰਦਰ ਜਿਹੜਾ ਪਿਛਲੇ ਸਾਲ ਦਾ ਝੋਨਾ ਬਣ ਕੇ ਤਿਆਰ ਹੈ ਨਾ ਹੀ ਉਹਦੀ ਲਿਫਟਿੰਗ ਕੀਤੀ ਗਈ ਹੈ।
ਕਿਸਾਨਾਂ ਨੂੰ ਮੰਡੀਆਂ ਵਿੱਚ ਵੱਡੀਆਂ ਦਿੱਕਤਾਂ
ਬਠਿੰਡਾ : ਉੱਥੇ ਹੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਮੁੱਚੇ ਪੰਜਾਬ ਵਿੱਚ ਤਿੰਨ ਘੰਟਿਆਂ ਲਈ ਰੇਲ ਅਤੇ ਸੜਕੀ ਆਵਾਜਾਈ ਕਿਸਾਨਾਂ ਵੱਲੋਂ ਠੱਪ ਕੀਤੀ ਗਈ ਹੈ। ਬਠਿੰਡਾ ਦੇ ਭਾਈ ਕਨਈਆ ਚੌਂਕ ਅਤੇ ਰੇਲਵੇ ਜੰਕਸ਼ਨ ਮੁਲਤਾਨੀਆ ਪੁੱਲ ਥੱਲੇ ਕਿਸਾਨਾਂ ਵੱਲੋਂ ਆਵਾਜਾਈ ਠੱਪ ਕੀਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਅਤੇ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੰਡੀਆਂ ਵਿੱਚ ਪੀਆਰ 126 ਝੋਨੇ ਦੀ ਖਰੀਦ ਇਸ ਲਈ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਫਸਲ ਵਿੱਚ ਟੋਟਾ ਵੱਧ ਨਿਕਲ ਰਿਹਾ ਹੈ। ਪੰਜਾਬ ਦੇ ਮਾਲਵਾ ਖਿੱਤੇ ਵਿੱਚ ਸਭ ਤੋਂ ਵੱਧ ਕਿਸਾਨਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੀਆਰ 126 ਦੀ ਬਜਾਦ ਕਿਸਾਨਾਂ ਤੋਂ ਕਰਵਾਈ ਗਈ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੀਆਰ 126 ਨੂੰ ਮਾਨਤਾ ਦਿੱਤੀ ਗਈ ਹੁਣ ਜਦੋਂ ਮੰਡੀਆਂ ਵਿੱਚ ਕਿਸਾਨਾਂ ਦਾ ਪੀਆਰ 126 ਝੋਨਾ ਵਿਕ ਨਹੀਂ ਰਿਹਾ।
ਜਲੰਧਰ: ਉੱਥੇ ਹੀ ਜਲੰਧਰ ਵਿਖੇ ਕਿਸਾਨਾਂ ਨੇ ਝੋਨਾ ਖਰੀਦਣ ਲਈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਦਾ ਕੌਮੀ ਮਾਰਗ ਜਾਮ ਕੀਤਾ ਹੈ।
ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਗੜ੍ਹਸ਼ੰਕਰ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈਕੇ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਸੜਕ 'ਤੇ ਧਰਨਾ ਲਾਕੇ ਟ੍ਰੈਫਿਕ ਜਾਮ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੱਜ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਨਾ ਹੋਣ ਕਾਰਨ ਅਤੇ ਝੋਨੇ ਦੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ, ਆੜਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ। ਪਰ ਲਗਦਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ।
ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਕਿਸਾਨ ਜਥੇਬੰਦੀਆਂ ਅਤੇ ਸੈਲਰ ਯੂਨੀਅਨ ਦੇ ਆਗੂਆਂ ਦੇ ਵੱਲੋਂ ਕਿਸਾਨ ਯੂਨੀਅਨ ਦਾ ਸਮਰਥਨ ਦੇ ਕੇ ਮੁਕਤਸਰ ਦਾ ਮੁਕਤਸਰ ਕੋਟਕਪੂਰਾ ਮੁੱਖ ਮਾਰਗ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰਨ ਤੌਰ 'ਤੇ ਚੱਕਾ ਜਾਮ ਕੀਤਾ ਗਿਆ ਹੈ। ਜਿਨਾਂ ਦੇ ਵਿੱਚ ਕਿਸਾਨਾਂ ਦੀ ਮੁੱਖ ਮੰਗਾਂ ਨੇ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਾ ਤਾਂ ਝੋਨੇ ਦੀ ਖਰੀਦ ਹੋ ਰਹੀ ਹੈ ਤੇ ਨਾ ਹੀ ਜੋ ਮੰਡੀਆਂ ਦੇ ਵਿੱਚ ਝੋਨਾ ਪਹੁੰਚ ਚੁੱਕਿਆ ਹੈ। ਉਸ ਦੀ ਲਿਫਟਿੰਗ ਹੋ ਰਹੀ ਹੈ ਅਤੇ ਉਨ੍ਹਾਂ ਕਿਹਾ ਨਾ ਹੀ ਝੋਨੇ ਦੀ ਪਰਾਲੀ ਦੀ ਕੋਈ ਸਾਂਭ ਸੰਭਾਲ ਦੇ ਲਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਹ ਤਿੰਨ ਘੰਟੇ ਦਾ ਪੂਰਨ ਤੌਰ 'ਤੇ ਚੱਕਾ ਜਾਮ ਕੀਤਾ ਗਿਆ ਹੈ।