ਉੱਤਰੀ ਰੇਲਵੇ ਮੈਨਸ ਯੂਨੀਅਨ ਨੇ ਕੇਂਦਰ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ
ਬਠਿੰਡਾ ਵਿੱਚ ਉੱਤਰੀ (ਨੋਰਦਨ) ਰੇਲਵੇ ਮੈਨਸ ਯੂਨੀਅਨ ਰੇਲ ਕਰਮੀਆਂ ਵੱਲੋਂ ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਕਰ ਰਹੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸਕੱਤਰ ਠਾਕਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਰੇਲ ਵਿਭਾਗ ਦੇ ਕਈ ਅਦਾਰਿਆਂ ਨੂੰ ਪ੍ਰਾਈਵੇਟ ਕਰ ਚੁੱਕੀ ਹੈ ਜਿਸ ਵਿੱਚ ਰੇਲਵੇ ਵਾਸ਼ਿੰਗ ਲਾਈਨ ਨੂੰ ਵੀ ਪ੍ਰਾਈਵੇਟ ਅਦਾਰਿਆਂ ਦੇ ਅਧੀਨ ਸੌਂਪ ਦਿੱਤਾ ਹੈ। ਹਾਲ ਹੀ ਵਿੱਚ ਤੇਜਸ ਰੇਲ ਨੂੰ ਵੀ ਕਾਰਪੋਰੇਟ ਘਰਾਨਿਆਂ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਦਾ ਕਿਰਾਇਆ ਆਮ ਰੇਲ ਕਿਰਾਏ ਨਾਲੋਂ ਵੀ ਬਹੁਤ ਜ਼ਿਆਦਾ ਹੈ। ਇਸ ਦਾ ਫ਼ਾਇਦਾ ਕੇਂਦਰ ਸਰਕਾਰ ਆਪਣੇ ਨਿੱਜੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਰੇਲ ਮੁਲਾਜ਼ਮ ਸੇਵਾ ਮੁਕਤ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਮੁੜ ਤੋਂ ਦੁਬਾਰਾ ਠੇਕੇ 'ਤੇ ਲਿਆ ਜਾ ਰਿਹਾ ਹੈ, ਜਦੋਂ ਕਿ ਕਿੰਨੇ ਹੀ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ।