CBSE 12th result: 98.6 ਫੀਸਦ ਅੰਕ ਹਾਸਲ ਕਰ ਸੁਮੇਲ ਨੇ ਜ਼ਿਲ੍ਹੇ ’ਚੋਂ ਕੀਤਾ ਪਹਿਲਾ ਸਥਾਨ ਹਾਸਲ
ਮੋਗਾ: CBSE ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। 92 ਫੀਸਦ ਤੋਂ ਜ਼ਿਆਦਾ ਵਿਦਿਆਰਥੀ ਪਾਸ ਹੋਏ ਹਨ ਅਤੇ ਇਸ ਪ੍ਰੀਖਿਆ ਵਿੱਚ ਟੋਪਰ ਰਹਿਣ ਦੇ ਮਾਮਲੇ ਵਿੱਚ ਕੁੜੀਆਂ ਵੱਲੋਂ ਬਾਜ਼ੀ ਮਾਰੀ ਗਈ ਹੈ। ਮੋਗਾ ਵਿਖੇ ਨੈਸ਼ਨਲ ਕਾਨਵੈਂਟ ਸਕੂਲ ਦੇ ਸੁਮੇਲ ਗੁਪਤਾ ਨਾਮ ਦੇ ਮੈਡੀਕਲ ਦੇ ਵਿਦਿਆਰਥੀ ਵੱਲੋਂ 98.6 % ਅੰਕ ਪ੍ਰਾਪਤ ਕੀਤੇ ਗਏ ਹਨ। ਸੁਮੇਲ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਨੰਬਰ ’ਤੇ ਰਿਹਾ ਹੈ। ਉਸ ਵੱਲੋਂ ਕੈਮਿਸਟਰੀ ਅਤੇ ਫਿਜ਼ੀਕਲ ਵਿੱਚੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਗਏ ਹਨ। ਨੌਜਵਾਨ ਅਤੇ ਉਸਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਸੁਮੇਲ ਦੇ ਮਾਪਿਆਂ ਵੱਲੋਂ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਉਸਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਨਾਲ ਹੀ ਉਸਨੇ ਕਿਹਾ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਸੁਮੇਲ ਨੇ ਹੋਰ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਵੀ ਸਭ ਕੁਝ ਮਿਲ ਜਾਂਦਾ ਹੈ ਬਸ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਦੇ ਹਾਰ ਨਹੀਂ ਮੰਨਣੀ ਚਾਹੀਦੀ।