ਸਿੱਧੂ ਤਾਂ ਮੰਨ ਗਏ...ਪਰ ਹੁਣ ਸ਼ੁਰੂ ਹੋ ਸਕਦੀ ਹੈ 'Capt. Vs MLA'- The Big Fight !
ਚੰਡੀਗੜ੍ਹ: ਪਿਛਲੇ ਕਾਫ਼ੀ ਦਿਨਾਂ ਤੋਂ ਪਾਰਟੀ ਤੋਂ ਖਫ਼ਾ ਚੱਲ ਰਹੇ ਨਵਜੋਤ ਸਿੰਘ ਸਿੱਧੂ ਦਾ ਰੁਸੇਵਾਂ ਤਾਂ ਦੂਰ ਹੋ ਗਿਆ ਹੈ, ਪਰ ਹੁਣ ਕੈਪਟਨ ਸਰਕਾਰ ਦੀ ਨਵੀਂ ਨੀਤੀ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈ। ਦਰਅਸਲ, ਕੈਪਟਨ ਸਰਕਾਰ ਨੇ ਬੀਤੇ ਦਿਨ ਹੀ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਦੀ ਗੱਲ ਕਹੀ ਹੈ। ਆਨਲਾਈਨ ਹੋਣ ਦਾ ਮਤਲਬ ਸਮਝਦੇ ਹੋ? ਯਾਨੀ ਹੁਣ ਸਿਫ਼ਾਰਿਸ਼ਾਂ ਤੇ ਰਿਸ਼ਵਤ 'ਤੇ ਵੀ ਠੱਲ ਪਾਈ ਜਾ ਸਕੇਗੀ। ਪਰ ਸਵਾਲ ਹੈ ਕਿ ਕੀ ਇਹ ਫ਼ੈਸਲਾ ਸੂਬਾ ਸਰਕਾਰ ਲਈ ਫਾਇਦੇਮੰਦ ਸਾਬਤ ਹੋਵੇਗਾ? ਕਿਉਂਕਿ ਸਭ ਕੁਝ ਆਨਲਾਈਨ ਹੋਣ ਨਾਲ ਸਿੱਖਿਆ ਵਿਭਾਗ 'ਚ ਇੱਕ-ਅੱਧਾ ਤਬਾਦਲਾ ਕਰਵਾ ਕੇ ਆਪਣੇ ਸਮਰਥਕਾਂ ਨੂੰ ਖ਼ੁਸ਼ ਕਰਨ ਵਾਲੇ ਵਿਧਾਇਕਾਂ ਦੇ ਹੱਥੋਂ ਹੁਣ ਇਹ ਕਮਾਨ ਖੁੱਸ ਜਾਵੇਗੀ। ਇਸ ਲਈ ਸੰਭਾਵਨਾ ਹੈ ਕਿ ਕਾਂਗਰਸੀ ਵਿਧਾਇਕ ਵੀ ਸੂਬੇ ਦੇ ਕੈਪਟਨ ਤੋਂ ਮੂੰਹ ਮੋੜ ਸਕਦੇ ਨੇ...ਸੂਤਰਾਂ ਦੀ ਮੰਨੀਏ ਤਾਂ ਇਸ ਆਨਲਾਈਨ ਤਬਾਦਲਾ ਪਾਲਿਸੀ ਖ਼ਿਲਾਫ਼ ਜਲਦ ਹੀ ਕਈ ਵਿਧਾਇਕ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਸਿਆਸੀ ਕੰਮ ਦੇਖਣ ਵਾਲੇ ਅਧਿਕਾਰੀ ਵੀ ਇਸ ਨੋਟੀਫਿਕੇਸ਼ਨ ਖਿਲਾਫ਼ ਆਵਾਜ਼ ਚੁੱਕਣ ਦਾ ਮਨ ਬਣਾ ਰਹੇ ਹਨ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਨੇ ਕੈਮਰੇ ਅੱਗੇ ਨਾ ਆਉਣ ਦੀ ਸ਼ਰਤ 'ਤੇ ਕਿਹਾ ਕਿ ਜਦੋਂ ਉਨ੍ਹਾਂ ਦੇ ਹਲਕੇ ਦਾ ਕੋਈ ਸਰਪੰਚ ਜਾਂ ਫ਼ਿਰ ਐੱਮਸੀ ਉਨ੍ਹਾਂ ਕੋਲ ਇੱਕ ਅੱਧਾ ਤਬਾਦਲਾ ਕਰਾਉਣ ਲਈ ਆ ਵੀ ਜਾਂਦਾ ਹੈ ਤਾਂ ਉਸ ਤਬਾਦਲੇ ਨੂੰ ਅਸੀਂ ਚੰਡੀਗੜ੍ਹ ਤੋਂ ਕਰਵਾ ਕੇ ਉਨ੍ਹਾਂ ਨੂੰ ਖੁਸ਼ ਕਰ ਦਿੰਦੇ ਹਾਂ, ਪਰ ਹੁਣ ਤਾਂ ਅਧਿਕਾਰੀਆਂ ਨੇ ਉਨ੍ਹਾਂ ਦੇ ਹੱਥੋਂ ਇਹ ਸਿਆਸੀ ਤਾਕਤ ਵੀ ਖੋਹ ਲਈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਸਮਰਥਕ ਦਾ ਇੱਕ ਤਬਾਦਲਾ ਵੀ ਨਹੀਂ ਕਰਵਾ ਸਕੇ ਤਾਂ ਕਾਹਦੇ ਵਿਧਾਇਕ ਹੋਏ ਅਸੀਂ ?