ਪੁਲਿਸ ਨੇ ਬੱਸੀ ਪਠਾਣਾਂ 'ਚ ਹੋਏ ਪ੍ਰਵਾਸੀ ਮਜ਼ਦੂਰ ਦੇ ਕਤਲ ਦੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ - crime in fatehgarh sahib
ਫ਼ਤਿਹਗੜ੍ਹ ਸਾਹਿਬ ਵਿੱਚ ਬੱਸੀ ਪਠਾਣਾ ਵਿਖੇ ਹੋਏ ਪ੍ਰਵਾਸੀ ਮਜ਼ਦੂਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਬੱਸੀ ਪਠਾਣਾਂ ਪੁਲਿਸ ਨੇ ਕਤਲ ਕਰਨ ਵਾਲੇ 2 ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਆਪਸ ਵਿੱਚ ਸਕੇ ਭਰਾ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ (ਜਾਂਚ) ਹਰਪਾਲ ਸਿੰਘ ਨੇ ਦੱਸਿਆ ਕਿ ਕਿਰਾਏ ਦੇ ਇਕੋ ਮਕਾਨ ਵਿੱਚ ਰਹਿੰਦੇ ਪੰਜ ਪ੍ਰਵਾਸੀਆਂ ਵਿਚੋਂ ਦੋ ਸਕੇ ਭਰਾਵਾਂ ਦੀ ਸਵਿੰਦਰ ਕੁਮਾਰ ਨਾਲ ਮਾਮੂਲੀ ਤਕਰਾਰ ਹੋ ਗਈ ਤੇ ਤਕਰਾਰ ਉਪਰੰਤ ਸ਼ਵਿੰਦਰ ਕੁਮਾਰ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਕਥਿਤ ਕਾਤਲ ਵਿਜੈ ਕੁਮਾਰ ਤੇ ਅਜੈ ਕੁਮਾਰ (ਦੋਵੇਂ ਸਕੇ ਭਰਾਵਾਂ) ਜੋ ਕਿ ਹਸਪਤਾਲ ਵਿੱਚ ਇਲਾਜ ਲਈ ਭਰਤੀ ਸਨ, ਉਹ ਪੁਲਿਸ ਪਾਰਟੀ ਦੇ ਹਸਪਤਾਲ ਪੁੱਜਣ ਤੋਂ ਪਹਿਲਾਂ ਹਸਪਤਾਲ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵਲੋਂ ਨੌਗਾਵਾਂ ਰੇਲਵੇ ਸਟੇਸ਼ਨ ਤੋਂ ਦਬੋਚਿਆ ਗਿਆ, ਜੋ ਕਿ ਰੇਲ ਗੱਡੀ ਚੜਨ ਦੀ ਤਾਕ ਵਿੱਚ ਸਨ।