ਠੇਕਾ ਮੁਲਾਜਮਾਂ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੀ ਪੁਲਿਸ ਅਤੇ ਸੀਐਮ ਦਾ ਅਰਥੀ ਫੂਕ ਪ੍ਰਦਰਸ਼ਨ
ਗੁਰਦਾਸਪੁਰ: ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਅਤੇ ਕਾਮਿਆਂ ਉਪਰ ਫਾਜਿਲਕਾ, ਰੋਪੜ ਅਤੇ ਆਨੰਦਪੁਰ ਸਾਹਿਬ, ਮਾਨਸਾ, ਫਿਰੋਜਪੁਰ ਵਿਖੇ ਮੁੱਖ ਮੰਤਰੀ ਸਕਿਊਰਟੀ ਡੀ.ਐਸ.ਪੀ.ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋ (ਆਨੰਦਪੁਰ ਸਾਹਿਬ) ਵੱਲੋਂ ਅਣਮਨੁੱਖੀ ਢੰਗ ਨਾਲ ਢਾਹੇ ਤਸ਼ਦੱਦ ਦੇ ਖਿਲਾਫ ਰੋਸ ਵੱਜੋਂ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜਿਮ ਸੰਗਰਸ਼ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਅਫਸਰਾਂ ਦੇ ਤਾਨਾਸ਼ਾਹੀ ਰਵੱਈਏ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ ਗਈ। ਆਨੰਦਪੁਰ ਸਾਹਿਬ ਅਤੇ ਰੋਪੜ ’ਚ ਪੁਰ-ਅਮਨ ਅਤੇ ਸਾਂਤਮਈ ਸੰਘਰਸ਼ ਕਰਦੇ ਠੇਕਾ ਮੁਲਾਜਮਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਮਿਆਂ ਉਪਰ ਚੰਨੀ ਸਰਕਾਰ ਦੀ ਸ਼ਹਿ ’ਤੇ ਪੁਲਿਸ ਨੇ ਅੰਨੇਵਾਹ ਡਾਗਾਂ ਨਾਲ ਤਸ਼ੱਦਦ ਕੀਤਾ ਗਿਆ ਹੈ। ਸ਼ਰ੍ਹੇਆਮ ਉਨ੍ਹਾਂ ਦੀਆਂ ਦਸਤਾਰਾਂ ਲਾਹ ਕੇ ਬੇਅਦਬੀ ਕੀਤੀ ਗਈ ਹੈ, ਮੋਬਾਇਲ ਫੋਨ ਤੋੜੇ ਗਏ, ਕੁੜੀਆਂ ਦੀਆਂ ਚੁੰਨੀਆਂ ਰੋਲੀਆਂ ਗਈਆਂ।