ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਕੌਮ ਦੇ ਨਾਂਅ ਸੰਦੇਸ਼ - Takht Sri Damdama Sahib
ਬਠਿੰਡਾ: ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਤੇ ਅੱਜ ਕੌਮ ਨੂੰ ਵਧਾਈ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਦੀਪ ਸਿੰਘ ਨਾ ਸਿਰਫ਼ ਇੱਕ ਮਹਾਨ ਯੋਧੇ ਸਨ ਸਗੋਂ ਇੱਕ ਮਹਾਨ ਵਿਦਵਾਨ ਵੀ ਸਨ ਜਿਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਉਹ ਚਾਰ ਪਾਵਨ ਬੀੜਾਂ ਅੱਜ ਵੱਖ ਵੱਖ ਤਖ਼ਤ ਸਾਹਿਬਾਨ ਵਿਖੇ ਸ਼ੁਸ਼ੋਭਿਤ ਹਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੀ ਕੁਰਬਾਨੀ ਨੂੰ ਯਾਦ ਕਰਵਾਉਂਦਿਆਂ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਕਾਲ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ।