ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਖੰਨਾਂ ਵਿੱਚ ਹੋਈ ਮੀਟਿੰਗ
ਖੰਨਾ: ਅੱਜ ਪੂਰੇ ਪੰਜਾਬ 'ਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਸ਼ੁਰੂਆਤ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਕਾਨਫਰੰਸ ਰਾਹੀਂ ਕੀਤੀ। ਇਸ ਦੌਰਾਨ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸਣੇ ਹੋਰਨਾਂ ਆਗੂ ਤੇ ਸਰਕਾਰੀ ਅਫਸਰਾਂ ਨੇ ਮੀਟਿੰਗ 'ਚ ਹਿੱਸਾ ਲਿਆ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਕੀਮ ਤਹਿਤ ਲੋੜਵੰਦ ਲੋਕ ਸਰਕਾਰੀ ਰਾਸ਼ਨ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਲਾਭਪਾਤਰੀ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ 'ਚ ਸਮਾਰਟ ਰਾਸ਼ਨ ਕਾਰਡ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਦੀ ਸਾਂਭ ਸੰਭਾਲ ਸੌਖੀ ਹੋਵੇਗੀ। ਜਿਨ੍ਹਾਂ ਲੋਕਾਂ ਦੇ ਕਾਰਡ ਅਜੇ ਤੱਕ ਨਹੀਂ ਬਣੇ ਹਨ ਉਹ ਜਲਦ ਤਿਆਰ ਕਰ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਤਕਰੀਬਨ 1.48 ਕਰੋੜ ਸਮਾਰਟ ਕਾਰਡ ਬਣਾਏ ਗਏ ਹਨ। ਇਸ ਮੌਕੇ ਇੱਕ ਲੋੜਵੰਦ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਕਾਰਡ ਕੱਟ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਸਹੂਲਤ ਦਿੱਤੀ ਗਈ ਹੈ।