ਭੱਟਾਂ ਦੇ ਗੁਰੂ ਸਾਹਿਬ ਵਿਖੇ ਮਿਲਾਪ ਸਬੰਧੀ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਵਿਖੇ ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਜੱਥੇਦਾਰ ਪਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਭੱਟ ਸਾਹਿਬਾਨ ਦੀ ਬਾਣੀ ਮਨੁੱਖ ਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦ੍ਰਿੜ੍ਹ ਕਰਵਾਉਂਦੀ ਹੈ। ਸਮਾਗਮ ਸਮੇਂ ਭਾਟ ਯੂਥ ਵੈਲਫੇਅਰ ਫੈਡਰੇਸ਼ਨ ਪੰਜਾਬ, ਭੱਟ ਕੀਰਤ ਇੰਟਰਨੈਸ਼ਨਲ ਭਾਟ ਸਿੱਖ ਕਾਊਂਸਲ, ਨਿਊ ਇੰਟਰਨੈਸ਼ਨਲ ਭਾਟ ਸਿੱਖ ਕਾਊਂਸਲ ਯੂ.ਕੇ, ਭਾਟ ਸਿੱਖ ਏਕਤਾ ਸੇਵਾ ਸੁਸਾਇਟੀ ਯੂ.ਕੇ, ਇੰਟਰਨੈਸ਼ਨਲ ਭਾਟ ਸਿੱਖ ਕਮਿਊਨਟੀ ਟਰੱਸਟ ਯੂ.ਕੇ, ਭਾਟ ਸਿੱਖ ਸੰਗਠਨ ਮੁਹੱਲਾ ਕੋਟ ਬਾਬਾ ਦੀਪ ਸਿੰਘ ਆਦਿ ਸੰਸਥਾਵਾਂ ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਭੱਟਾਂ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।