ਗੁਰਦਾਸਪੁਰ: ਖੇਤੀ ਸੁਧਾਰ ਕਾਨੂੰਨ ਖਿਲਾਫ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਕਿਸਾਨਾਂ ਦਾ ਧਰਨਾ ਜਾਰੀ
ਗੁਰਦਾਸਪੁਰ : ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਅਜੇ ਵੀ ਕਿਸਾਨਾਂ ਦਾ ਰੋਸ ਪ੍ਰਦਸ਼ਨ ਜਾਰੀ ਹੈ। ਗੁਰਦਾਸਪੁਰ ਵਿੱਚ ਖੇਤੀ ਸੁਧਾਰ ਕਾਨੂੰਨ ਖਿਲਾਫ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਲਾਇਆ ਗਿਆ ਹੈ। ਕਿਸਾਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਸਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਕਿਸਾਨਾਂ ਨੇ ਆਵਾਜਾਈ ਪ੍ਰਭਾਵਤ ਨਹੀਂ ਹੋਣ ਦਿੱਤਾ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਸਥਿਤ ਇਹ ਟੋਲ ਪਲਾਜ਼ਾ ਪ੍ਰਾਈਵੇਟ ਕੰਪਨੀ ਦਾ ਹੋਣ ਕਾਰਨ ਇਥੇ ਕਿਸਾਨ ਕੰਪਨੀ ਨੂੰ ਕਿਸੇ ਰਾਹਗੀਰ ਦੀ ਟੋਲ ਪਰਚੀ ਨਹੀਂ ਕੱਟਣ ਦੇ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਟੋਲ ਪਲਾਜ਼ਾ ਦਾ ਕੰਮ ਠੱਪ ਕਰਕੇ ਕਾਰਪੋਰੇਟ ਘਰਾਣਿਆਂ ਤੇ ਵੱਡੀ ਕੰਪਨੀਆਂ ਦੀਆਂ ਜੇਬਾਂ 'ਤੇ ਅਸਰ ਪਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਣਗੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਪ੍ਰਦਰਸ਼ਨਕਾਰੀਆਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਉਹ ਸੱਚੇ ਕਿਸਾਨ ਹਿਤੈਸ਼ੀ ਹਨ ਤਾਂ ਆਪਣੀ ਪਾਰਟੀ ਦੇ ਝੰਡੇ ਛੱਡ ਕਿਸਾਨੀ ਦੀ ਗੱਲ ਕਰਨ। ਇਸ ਤੋਂ ਇਲਾਵਾ ਆਪਣੀ ਸਿਆਸਤ ਨੂੰ ਪਰੇ ਰੱਖ ਕੇ ਹੀ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਣ।