ਬਸੀ ਪਠਾਣਾਂ 'ਚ ਨਹੀਂ ਪਹੁੰਚਿਆ ਲੋੜਵੰਦਾਂ ਤੱਕ ਰਾਸ਼ਨ, ਲੋਕ ਪਰੇਸ਼ਾਨ
ਫਤਿਹਗੜ ਸਾਹਿਬ: ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਬਸੀ ਪਠਾਣਾਂ ਵਿੱਚ ਲੋੜਵੰਦਾਂ ਤੱਕ ਨਾ ਪਹੁੰਚਣ ਕਾਰਨ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਕੋਰੋਨਾ ਕਰਕੇ ਉਨ੍ਹਾਂ ਕੋਲ ਰੁਜ਼ਗਾਰ ਦੇ ਸਾਧਨ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਉਧਰ ਇਸ ਮਾਮਲੇ ਨੂੰ ਉਜਾਗਰ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਉਹ ਇੱਕ ਨਿੱਜੀ ਕੰਮ ਲਈ ਨਗਰ ਕੌਂਸਲ ਬੱਸੀ ਪਠਾਣਾਂ ਦੇ ਦਫ਼ਤਰ ਆਏ ਸਨ ਤੇ ਇੱਥੇ ਦੇਖਿਆ ਕਿ ਇੱਕ ਕਮਰੇ ਵਿੱਚ ਰਾਸ਼ਨ ਦੀਆਂ ਬੋਰੀਆਂ ਭਰੀਆਂ ਪ੍ਰੰਤੂ ਲੋੜਵੰਦਾਂ ਤੱਕ ਨਹੀਂ ਪਹੁੰਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਰਾਸ਼ਨ ਲੋੜਵੰਦਾਂ ਤੱਕ ਨਹੀਂ ਪਹੁੰਚਾਇਆ ਗਿਆ ਤਾਂ ਇਹ ਰਾਸ਼ਨ ਪਿਆ-ਪਿਆ ਖ਼ਰਾਬ ਹੋ ਜਾਵੇਗਾ।