ਰਾਏਕੋਟ ਤੋਂ 'ਆਪ' ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼ - ਆਮ ਆਦਮੀ ਪਾਰਟੀ ਵੱਲੋਂ ਹਾਕਮ ਸਿੰਘ ਠੇਕੇਦਾਰ
ਲੁਧਿਆਣਾ: ਰਾਏਕੋਟ ਵਿਧਾਨ ਸਭਾ ਹਲਕੇ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੇ ਰਾਏਕੋਟ ਸ਼ਹਿਰ ਦੇ ਧਾਰਮਿਕ ਅਸਥਾਨਾਂ 'ਤੇ ਮੱਥਾ ਟੇਕ ਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਹਾਕਮ ਸਿੰਘ ਨੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਤੇ ਪਰਿਵਾਰਕ ਮੈਂਬਰਾਂ ਸਮੇਤ ਇਕ ਕਾਫ਼ਲੇ ਦੇ ਰੂਪ 'ਚ ਪਹਿਲਾ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਮੱਥਾ ਟੇਕਿਆ ਅਤੇ ਗੁਰੂ ਚਰਨਾਂ ਵਿਚ ਜਿੱਤ ਲਈ ਅਰਦਾਸ ਬੇਨਤੀ ਕੀਤੀ। ਇਸ ਉਪਰੰਤ ਉਨ੍ਹਾਂ ਸ਼ਹਿਰ ਦੇ ਸ਼੍ਰੀ ਦੁਰਗਾ ਸ਼ਕਤੀ ਮੰਦਰ (ਮਾਇਆ ਮੰਦਰ) ਅਤੇ ਪੁਰਾਤਨ ਮਸਜਿਦ ਵਿੱਚ ਮੱਥਾ ਟੇਕਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਸਮੁੱਚੀ ਹਾਈ ਕਮਾਂਡ ਵੱਲੋਂ ਪ੍ਰਗਟਾਏ ਭਰੋਸਾ ਨੂੰ ਬਰਕਰਾਰ ਰੱਖਣਗੇ ਅਤੇ ਹਲਕਾ ਰਾਏਕੋਟ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।