ਮਲੇਰਕੋਟਲਾ 'ਚ 2 ਦਿਨ ਹੋਰ ਵਧਿਆ ਲੌਕਡਾਊਨ
ਮਲੇਰਕੋਟਲਾ: ਸ਼ਹਿਰ 'ਚ ਪਹਿਲਾਂ 30 ਜੂਨ ਤੋਂ 2 ਜੁਲਾਈ ਤੱਕ ਭਾਵ ਕਿ 2 ਦਿਨਾਂ ਦਾ ਮੁਕੰਮਲ ਲੌਕਡਾਊਨ ਲਗਾਇਆ ਗਿਆ ਸੀ ਜਿਸ ਨੂੰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ 4 ਜੁਲਾਈ ਤੱਕ ਵਧਾ ਦਿੱਤਾ ਹੈ। ਹੁਣ ਮਲੇਰਕੋਟਲਾ 'ਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਲੱਗੇਗਾ। ਇਸ ਸਬੰਧ 'ਚ ਸ਼ਨਿੱਚਰਵਾਰ ਨੂੰ ਸੰਗਰੂਰ ਦੇ ਡੀਸੀ ਰਾਮਵੀਰ ਸਿੰਘ ਨੇ ਮਲੇਰਕੋਟਲਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਹਲ ਕੀਤਾ। ਡੀਸੀ ਰਾਮਵੀਰ ਸਿੰਘ ਨੇ ਕਿਹਾ ਕਿ 2 ਦਿਨ ਦੇ ਲੌਕਡਾਊਨ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਇਸ ਲਈ ਉਨ੍ਹਾਂ ਨੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਘਾਵਦਾ ਪਿੰਡ ਕੋਲ ਕੁਆਰੰਟੀਨ ਸੈਂਟਰ ਬਣਾਇਆ ਗਿਆ ਸੀ ਉਸ 'ਚ ਮਰੀਜ਼ਾਂ ਨੂੰ ਜਾਣ 'ਚ ਕਾਫੀ ਮੁਸ਼ਕਲ ਹੁੰਦੀ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਭੋਗੀਵਾਲ ਦੇ ਸਕੂਲ 'ਚ ਕੁਆਰੰਟੀਨ ਸੈਂਟਰ ਬਣਾ ਦਿੱਤਾ ਹੈ ਜਿਸ ਨੂੰ ਕੱਲ੍ਹ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।