ਸਿੰਘ ਸਹਿਬਾਨਾਂ ਦਾ ਹੁਕਮ, ਹੁਣ ਲਾਵਾਂ ਸਮੇਂ ਲਹਿੰਗਾ ਨਹੀਂ ਪਾ ਸਕੇਗੀ ਲਾੜੀ !
Published : Dec 15, 2023, 10:05 PM IST
|Updated : Dec 20, 2023, 5:26 PM IST
ਤਖ਼ਤ ਸ੍ਰੀ ਹਜ਼ੂਰ ਸਾਹਿਬ: ਪੰਜ ਸਿੰਘ ਸਹਿਬਾਨਾਂ ਵੱਲੋਂ ਅਕਸਰ ਹੀ ਸਿੱਖ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ ਸਮੇਂ-ਸਮੇਂ ਉੱਤੇ ਨਿਯਮ ਬਣਾਏ ਜਾਂਦੇ ਹਨ ਅਤੇ ਸਿੱਖ ਸੰਗਤ ਵੱਲੋਂ ਉਨ੍ਹਾਂ ਨੂੰ ਬਹੁਤ ਹੀ ਸਤਿਕਾਰ ਨਾਲ ਮੰਨਿਆ ਜਾਂਦਾ ਹੈ। ਇਸੇ ਤਹਿਤ ਹੁਣ ਮੁੜ ਪੰਜ ਸਿੰਘ ਸਹਿਬਾਨਾਂ ਵੱਲੋਂ ਲਾਵਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਅਕਸਰ ਦੇਖਿਆ ਗਿਆ ਹੈ ਕਿ ਲਾਵਾਂ ਦੌਰਾਨ ਵਿਆਹ ਵਾਲੀ ਕੁੜੀ ਵੱਲੋਂ ਬਹੁਤ ਜਿਆਦਾ ਭਾਰੀ ਲਹਿੰਗਾ ਪਾਇਆ ਜਾਂਦਾ ਹੈ। ਜਿਸ ਕਾਰਨ ਉਸ ਨੂੰ ਮੁਸ਼ਕਿਲ ਜ਼ਰੂਰੀ ਆਉਂਦੀ ਹੈ ਪਰ ਇੱਕ ਰਿਵਾਜ ਦੇ ਤੌਰ 'ਤੇ ਵਿਆਹ ਵਾਲੀ ਕੁੜੀ ਲਹਿੰਗਾ ਪਾਉਣਾ ਜਿਆਦਾ ਪਸੰਦ ਕਰਦੀ ਹੈ। ਇਸੇ ਨੂੰ ਲੈ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ 5 ਸਿੰਘ ਸਹਿਬਾਨਾਂ ਦੀ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਮਤਾ ਪਾਸ ਕੀਤਾ ਗਿਆ ਅਤੇ ਕੁੱਝ ਹੁਕਮ ਵੀ ਜਾਰੀ ਕੀਤੇ ਗਏ ਹਨ।
1. 5 ਸਿੰਘ ਸਹਿਬਾਨਾਂ ਦੀ ਅਹਿਮ ਇੱਕਤਰਤਾ ਦੌਰਾਨ ਲਾਵਾਂ ਸਮੇਂ ਲਹਿੰਗਾ ਪਾਉਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਸਿੰਘ ਸਹਿਬਾਨਾਂ ਨੇ ਆਦੇਸ਼ ਜਾਰੀ ਕਰਦੇ ਆਖਿਆ ਕਿ ਹੁਣ ਲਾੜੀ ਲਹਿੰਗਾ ਨਹੀਂ ਬਲਕਿ ਸਲਵਾਰ ਕਮੀਜ਼ ਪਾ ਕੇ ਹੀ ਗੁਰਦੁਆਰਾ ਸਾਹਿਬ 'ਚ ਲਾਵਾਂ ਲੈ ਸਕੇਗੀ।
2. ਸ੍ਰੀ ਹਜ਼ੂਰ ਸਾਹਿਬ 'ਚ ਹੋਈ ਮੀਟਿੰਗ ਦੌਰਾਨ ਜਿੱਥੇ ਸਲਵਾਰ ਕਮੀਜ਼ ਪਾਉਣ ਦਾ ਸਖ਼ਤ ਆਦੇਸ਼ ਜਾਰੀ ਕੀਤਾ ਗਿਆ ਹੈ, ਉੱਥੇ ਹੀ ਸਿਰ 'ਤੇ ਚੁੰਨੀ ਲੈਣਾ ਵੀ ਲਾਜ਼ਮੀ ਕੀਤਾ ਗਿਆ।
3. 5 ਸਿੰਘ ਸਹਿਬਾਨਾਂ ਵੱਲੋਂ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਹੁਣ ਰਿਜੌਰਟਾਂ ਅਤੇ ਮਹਿੰਗੇ ਮੈਰਿਜ ਪੈਲਸਾਂ ਉੱਤੇ ਜਾਂ ਸਮੁੰਦਰ ਦੇ ਕੰਡਿਆਂ 'ਤੇ ਵਿਆਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
4. ਉੱਥੇ ਹੀ ਗੁਰਦੁਆਰਾ ਸਾਹਿਬ 'ਚ ਵਿਆਹ ਦੌਰਾਨ ਲਾੜੀ ਦੇ ਆਗਮਨ ਸਮੇਂ ਸਿਰ 'ਤੇ ਚੁੰਨੀ ਜਾਂ ਫੁੱਲਾਂ ਦੀ ਛਾਂ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
5. ਇੱਕ ਹੋਰ ਆਦੇਸ਼ ਜਾਰੀ ਕਰਦੇ ਹੋਏ ਸਿੰਘ ਸਹਿਬਾਨਾਂ ਨੇ ਆਖਿਆ ਕਿ ਵਿਆਹ ਵਾਲੇ ਕਾਰਡ ਉੱਤੇ ਵੀ ਲੜਕੀ ਅਤੇ ਲੜਕੇ ਦੇ ਨਾਮ ਪਿੱਛੇ ਕੌਰ ਅਤੇ ਸਿੰਘ ਜ਼ਰੂਰ ਲਗਾਇਆ ਜਾਵੇ।
ਇੱਕ ਪਾਸੇ ਜਿੱਥੇ ਸਿੰਘ ਸਹਿਬਾਨਾਂ ਵੱਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਈ ਇੱਕਤਰਤਾ ਦੌਰਾਨ ਇਹ ਅਹਿਮ ਫੈਸਲੇ ਲਏ ਗਏ ਨੇ ਉੱਥੇ ਹੀ ਸਿੰਘ ਸਹਿਬਾਨਾਂ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਕਿਸੇ ਨੇ ਵੀ ਇੰਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।