ਨਾਕੇਬੰਦੀ ਦੌਰਾਨ ਰੇਤੇ ਦੇ ਭਰੇ ਟਿੱਪਰ ਸਣੇ ਇੱਕ ਮੁਲਜ਼ਮ ਕਾਬੂ, ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ
Published : Nov 30, 2023, 9:47 PM IST
ਅੰਮ੍ਰਿਤਸਰ: ਪੰਜਾਬ ਵਿੱਚ ਨਜਾਇਜ ਮਾਈਨਿੰਗ਼ ਦਾ ਮੁੱਦਾ ਲੰਬੇ ਸਮੇਂ ਤੋਂ ਲਗਾਤਾਰ ਚਰਚਾ ਵਿੱਚ ਹੈ। ਜਿਸ ਨੂੰ ਲੈ ਕੇ ਆਏ ਦਿਨ ਵੱਖ ਵੱਖ ਜਗ੍ਹਾ 'ਤੇ ਕਥਿਤ ਨਜਾਇਜ ਮਾਈਨਿੰਗ਼ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ ਰੇਤਾ ਦੇ ਭਰੇ ਇਕ ਟਿੱਪਰ ਸਣੇ ਇਕ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿਆਸ ਦਰਿਆ ਦੇ ਕੋਟ ਮਹਿਤਾਬ ਖੇਤਰ 'ਚ ਨਜਾਇਜ ਮਾਈਨਿੰਗ ਹੁੰਦੀ ਹੈ। ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਨਾਕੇਬੰਦੀ ਕੀਤੀ ਗਈ ਅਤੇ ਚੀਮਾ ਬਾਠ ਮੋੜ ਨੇੜੇ ਇੱਕ ਟਿੱਪਰ ਪੁਲਿਸ ਨੇ ਘੇਰਿਆ , ਜਿਸ ਵਿੱਚ ਪਈ ਰੇਤ ਸਬੰਧੀ ਕਾਗਜਾਤ ਦੇਣ 'ਚ ਚਾਲਕ ਨਾਕਾਮਯਾਬ ਰਿਹਾ। ਜਿਸ ਸਬੰਧੀ ਪੁਲਿਸ ਵੱਲੋਂ ਸੁਰਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਬੈਂਚਾ, ਥਾਣਾ ਟਾਂਡਾ ਖਿਲਾਫ ਥਾਣਾ ਬਿਆਸ ਵਿਖੇ ਮੁਕਦਮਾ ਨੰਬਰ 223 ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਵੀ ਪੁਲਿਸ ਵਲੋਂ ਰੇਤ ਦੀ ਭਰੀ ਟਰਾਲੀ ਬਰਾਮਦ ਕੀਤੀ ਗਈ ਸੀ।