ਅੱਠ ਮਹੀਨੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਹੋਈ ਸੀ ਮੌਤ, ਮ੍ਰਿਤਕ ਦੇਹ ਪਹੁੰਚੀ ਘਰ - punjab news on youth
Published : Nov 28, 2023, 4:37 PM IST
ਤਰਨ ਤਾਰਨ :ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਸੁਨਿਹਰੀ ਭਵਿੱਖ ਦੀ ਕਾਮਨਾ ਲਈ ਜਾਂਦੀ ਹੈ ਪਰ ਜਦੋਂ ਘਰ ਵਾਪਸੀ ਉਹਨਾਂ ਦੀ ਮ੍ਰਿਤਕ ਦੇਹ ਦੀ ਹੋਵੇ ਤਾਂ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਪਿੰਡ ਮੀਆਂਵਿੰਡ ਵਿਖੇ, ਜਿੱਥੇ ਅੱਠ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਹਰਭੇਜ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚਣ 'ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਸਰਕਾਰਾਂ ਨੂੰ ਵੀ ਲਾਹਨਤਾਂ ਪਾਈਆਂ , ਕਿ ਜੇਕਰ ਸੂਬੇ ਦੇ ਹਾਲਾਤ ਵਧੀਆ ਹੋਣ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਮੂੰਹ ਨਾ ਕਰਨ ਅਤੇ ਨਾ ਹੀ ਪਰਿਵਾਰਾਂ ਨੂੰ ਜਵਾਨ ਪੁੱਤ ਇੰਝ ਗਵਾਉਣੇ ਪੈਣ। ਦੱਸ ਦਈਏ ਕਿ ਹਰਭੇਜ ਦੀ ਮ੍ਰਿਤਕ ਦੇਹ 23 ਦਿਨ ਬਾਅਦ ਪਿੰਡ ਮੀਆਂਵਿੰਡ ਪਹੁੰਚੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਅਤੇ ਬੇਰੋਜ਼ਗਾਰੀ ਕਾਰਨ ਮਜਬੂਰ ਹੋ ਕੇ ਅਸੀ ਆਪਣੇ ਧੀਆਂ ਪੁੱਤ ਵਿਦੇਸ਼ਾਂ ਨੂੰ ਭੇਜ ਰਹੇ ਹਾਂ ਪਰ ਉਥੋਂ ਉਨ੍ਹਾਂ ਦੀਆ ਲਾਸ਼ਾਂ ਪੰਜਾਬ ਆ ਰਹੀਆਂ ਹਨ।