ਟਰਾਲੀ ਰਾਵੀ ਦਰਿਆ 'ਚ ਪਲਟਨ ਕਰਨ ਰੁੜੀ 50 ਕੁਇੰਟਲ ਕਣਕ
ਅੰਮ੍ਰਿਤਸਰ : ਅਜਨਾਲਾ ਤਹਸੀਲ 'ਚ ਰਾਵੀ ਦਰਿਆ ਨੇੜਲੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਪੁੱਲ ਨਾ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਰਾਵੀ ਦਰਿਆ ਦੇ ਦੂਜੇ ਕਿਨਾਰੇ 'ਤੇ ਬਣੇ ਖੇਤਾਂ ਤੋਂ ਫ਼ਸਲ ਲਿਆ ਰਹੇ ਕਿਸਾਨਾਂ ਦੀ ਫ਼ਸਲ ਰੁੜ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਰਾਵੀ ਦਰਿਆ ਨੂੰ ਪਾਰ ਕਰਨ ਵਾਲਾ ਕਿਸਾਨ ਜਸਕਰਨ ਸਿੰਘ ਆਪਣੀ 4 ਏਕੜ ਦੀ ਫਸਲ ਦੀ ਕਟਾਈ ਕਰਕੇ, 50 ਕੁਇੰਟਲ ਕਣਕ ਟਰੈਕਟਰ-ਟਰਾਲੀ ਦੀ ਸਹਾਇਤਾ ਨਾਲ ਬੇੜੇ 'ਚ ਦਰਿਆ ਤੋਂ ਵਾਪਸ ਲਿਆ ਰਿਹਾ ਸੀ। ਇਸ ਦੌਰਾਨ ਬੇੜੇ ਸਮੇਤ ਟਰਾਲੀ ਤੇ ਕਣਕ ਲਗਭਗ 25 ਫੁੱਟ ਹੇਠਾਂ ਡੁੱਬ ਗਈ। ਇਸ ਸਬੰਧੀ ਕਿਸਾਨ ਜਸਕਰਨ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਉਸ ਨੇ ਰਾਵੀ ਦੇ ਪਾਰ ਠੇਕੇ ‘ਤੇ 4 ਏਕੜ ਜ਼ਮੀਨ ਲਈ ਸੀ ਤੇ ਫਸਲ ਪੱਕਣ ਤੋਂ ਬਾਅਦ ਉਹ ਕਟਾਈ ਕਰਕੇ ਵਾਪਸ ਲਿਆ ਰਿਹਾ ਸੀ ਤੇ ਇਥੇ ਉਸ ਦੀ 50 ਕੁਇੰਟਲ ਫਸਲ ਟਰੈਕਟਰ-ਟਰਾਲੀ ਬੇੜੇ ਸਮੇਤ ਰਾਵੀ ਵਿੱਚ ਡੁੱਬ ਗਈ ਹੈ। ਜਸਕਰਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਮੁਆਵਜ਼ਾ ਦਿੱਤਾ ਜਾਵੇ।