ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਕੀਤੇ ਇੰਤਜ਼ਾਮਾਂ ਸਬੰਧੀ ਮੰਗਿਆ ਜਵਾਬ
ਚੰਡੀਗੜ੍ਹ: ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਧਰਨੇ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਤੋ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਕੀਤੇ ਗਏ ਇੰਤਜ਼ਾਮਾਂ ਬਾਰੇ ਜਵਾਬ ਮੰਗਿਆ। ਦਰਅਸਲ ਪਟਿਆਲਾ ਦੇ ਮੋਹਿਤ ਕਪੂਰ ਦੀ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਵਿਚ ਪੈਂਡਿੰਗ ਸੀ ਜਿਸ 'ਤੇ ਅਦਾਲਤ ਨੇ ਪਹਿਲਾਂ ਵੀ ਡਾਇਰੈਕਸ਼ਨ ਦਿੱਤੀ ਹੋਈ ਹੈ ਉਸ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ। ਪਟੀਸ਼ਨਕਰਤਾ ਦੇ ਵਕੀਲ ਪੁਨੀਤ ਬਾਲੀ ਨੇ ਕੋਰਟ ਨੂੰ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਬੰਦ ਕਰਨ ਦਾ ਐਲਾਨ ਕੀਤਾ ਹੈ। ਕੋਵਿਡ-19 ਦੇ ਹਾਲਾਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਤੇ ਪੁਲਿਸ ਦੋਵੇਂ ਮੁਸਤੈਦ ਹਨ ਪਰ ਕੋਰੋਨਾ ਦੌਰਾਨ ਅਜਿਹੇ ਧਰਨਿਆਂ ਕਰਕੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਹੀ ਬਿਮਾਰੀ ਫੈਲਣ ਦਾ ਵੀ ਡਰ ਹੈ।