ਹੈਦਰਾਬਾਦ: ਮਾਨਸੂਨ ਨੇ ਦੇਸ਼ ਦੇ ਕੁਝ ਇਲਾਕਿਆਂ 'ਚ ਦਸਤਕ ਦੇ ਦਿੱਤੀ ਹੈ। ਗਰਮੀ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਬਰਸਾਤ ਦਾ ਮੌਸਮ ਬਹੁਤ ਖਾਸ ਮੰਨਿਆ ਜਾਂਦਾ ਹੈ। ਇਸ ਸੀਜ਼ਨ ਵਿੱਚ ਬਹੁਤ ਕੁਝ ਬਦਲਦਾ ਹੈ। ਕੁਝ ਲੋਕ ਮੀਹ ਦਾ ਮਜ਼ਾ ਲੈਂਦੇ ਹਨ ਤਾਂ ਕੁਝ ਇਸ ਮੌਸਮ 'ਚ ਮਸਤੀ ਕਰਦੇ ਹਨ। ਹਾਲਾਂਕਿ, ਇਸ ਮੌਸਮ ਵਿੱਚ ਬਿਮਾਰੀਆਂ ਵੀ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਜ਼ਿਆਦਾ ਮੀਂਹ ਕਾਰਨ ਸ਼ਹਿਰਾਂ ਅਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ। ਗੰਦੇ ਪਾਣੀ ਦੇ ਖੜੇ ਹੋਣ ਕਾਰਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। WHO ਦੇ ਅਨੁਸਾਰ, ਦੁਨੀਆ ਭਰ ਵਿੱਚ 80 ਫੀਸਦ ਬਿਮਾਰੀਆਂ ਬਰਸਾਤ ਦੇ ਗੰਦੇ ਪਾਣੀ ਕਾਰਨ ਹੁੰਦੀਆਂ ਹਨ। ਗੰਦੇ ਅਤੇ ਦੂਸ਼ਿਤ ਪਾਣੀ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ। ਕਈ ਦਿਨਾਂ ਤੱਕ ਸਟੋਰ ਕੀਤਾ ਪਾਣੀ ਬੈਕਟੀਰੀਆ ਅਤੇ ਫੰਗਸ ਨੂੰ ਜਨਮ ਦਿੰਦਾ ਹੈ, ਜੋ ਇਨਫੈਕਸ਼ਨ ਦਾ ਕਾਰਨ ਬਣ ਜਾਂਦਾ ਹੈ।
ਬਰਸਾਤ ਦੇ ਪਾਣੀ ਨਾਲ ਹੋਣ ਵਾਲੀਆਂ ਆਮ ਬਿਮਾਰੀਆਂ:
ਹੈਜ਼ਾ:ਇਹ ਗੰਦੇ ਅਤੇ ਦੂਸ਼ਿਤ ਪਾਣੀ ਕਾਰਨ ਹੋਣ ਵਾਲੀ ਬਿਮਾਰੀ ਹੈ। ਹੈਜ਼ੇ ਕਾਰਨ ਡੀਹਾਈਡ੍ਰੇਸ਼ਨ ਅਤੇ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਰਫ਼ ਸਾਫ਼ ਪਾਣੀ ਅਤੇ ਸਿਹਤਮੰਦ ਭੋਜਨ ਹੀ ਖਾਓ।
ਹੈਪੇਟਾਈਟਸ ਏ:ਦੂਸ਼ਿਤ ਪਾਣੀ ਕਾਰਨ ਹੋਣ ਵਾਲੇ ਹੈਪੇਟਾਈਟਸ ਏ ਦਾ ਜਿਗਰ ਦੀ ਸਿਹਤ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ। ਇਸ ਵਿੱਚ ਪੀਲੀਆ, ਬੁਖਾਰ, ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਸਿਰਫ ਸ਼ੁੱਧ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਟਾਈਫਾਈਡ:ਦੂਸ਼ਿਤ ਪਾਣੀ ਅਤੇ ਗੈਰ-ਸਿਹਤਮੰਦ ਭੋਜਨ ਟਾਈਫਾਈਡ ਦਾ ਕਾਰਨ ਬਣ ਸਕਦੇ ਹਨ। ਇਹ ਪਾਣੀ ਤੋਂ ਹੋਣ ਵਾਲੀ ਬਿਮਾਰੀ ਹੈ। ਇਸ ਦੀ ਪਕੜ ਵਿੱਚ ਆਉਣ ਵਾਲੇ ਵਿਅਕਤੀ ਦੀ ਊਰਜਾ ਖਤਮ ਹੋ ਜਾਂਦੀ ਹੈ। ਬਰਸਾਤ ਦੇ ਮੌਸਮ ਵਿੱਚ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਹਨ।
ਬਰਸਾਤ ਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਇਸ ਤਰ੍ਹਾਂ ਕਰੋ ਬਚਾਅ:
- ਬਾਹਰ ਲਗਾਈ ਗਈ ਕਿਸੇ ਵੀ ਟੂਟੀ ਤੋਂ ਪਾਣੀ ਨਹੀਂ ਪੀਣਾ ਚਾਹੀਦਾ। ਇਸ ਕਾਰਨ ਗੰਦਾ ਪਾਣੀ ਪੀਣ ਦਾ ਖਤਰਾ ਬਣਿਆ ਰਹਿੰਦਾ ਹੈ।
- ਹੱਥਾਂ ਦੀ ਸਫ਼ਾਈ ਜ਼ਰੂਰੀ ਹੈ। ਕਿਉਂਕਿ ਅਸੀਂ ਹੱਥਾਂ ਨਾਲ ਭੋਜਣ ਖਾਂਦੇ ਹਾਂ, ਇਸ ਲਈ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।
- ਖੁੱਲ੍ਹੇ ਵਿਕਰੇਤਾਵਾਂ ਤੋਂ ਸਬਜ਼ੀਆਂ ਖਰੀਦਣ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਕਾਓ। ਫਲਾਂ ਅਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ ਧੋ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ |
- ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਆਲੇ-ਦੁਆਲੇ ਨੂੰ ਸਾਫ਼ ਅਤੇ ਹਰਿਆ ਭਰਿਆ ਰੱਖਣ ਦੀ ਕੋਸ਼ਿਸ਼ ਕਰੋ। ਗੰਦੇ ਪਾਣੀ ਨੂੰ ਇਕੱਠਾ ਨਾ ਹੋਣ ਦਿਓ। ਕਿਉਂਕਿ ਗੰਦੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ।
- ਬਰਸਾਤ ਦੇ ਮੌਸਮ 'ਚ ਕੀੜਿਆਂ ਦੇ ਕੱਟਣ ਦਾ ਡਰ ਰਹਿੰਦਾ ਹੈ, ਇਸ ਲਈ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ। ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ।
- ਜਿੱਥੇ ਬਰਸਾਤ ਦਾ ਪਾਣੀ ਭਰਿਆ ਹੋਵੇ, ਉੱਥੋਂ ਇਸ ਪਾਣੀ ਨੂੰ ਹਟਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਸਿਹਤ ਲਈ ਖ਼ਤਰਾ ਹੋ ਸਕਦਾ ਹੈ। ਮੀਂਹ ਵਿੱਚ ਬਾਹਰੋਂ ਆਉਣ ਤੋਂ ਬਾਅਦ ਆਪਣੇ ਪੈਰ ਧੋਵੋ।