ਹੈਦਰਾਬਾਦ:ਮਾਤਾ-ਪਿਤਾ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਵਧੇਰੇ ਚਿੰਤਾ 'ਚ ਰਹਿੰਦੇ ਹਨ। ਬੱਚਿਆਂ ਦਾ ਸਰੀਰਕ ਤੌਰ 'ਤੇ ਸਿਹਤਮੰਦ ਹੀ ਨਹੀਂ ਸਗੋਂ ਮਾਨਸਿਤਕ ਤੌਰ 'ਤੇ ਵੀ ਸਿਹਤਮੰਦ ਹੋਣਾ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਹਰ ਉਮਰ ਦੇ ਲੋਕ ਤਣਾਅ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਜਿਸ ਕਰਕੇ ਹੋਰ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਕੇ ਆਪਣੇ ਬੱਚੇ ਨੂੰ ਕੋਈ ਵੀ ਮਾਨਸਿਕ ਬਿਮਾਰੀ ਤੋਂ ਬਚਾ ਸਕਦੇ ਹੋ।
ਬੱਚਿਆਂ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਦੇ ਤਰੀਕੇ:
ਬੱਚਿਆਂ ਨਾਲ ਗੱਲਬਾਤ ਕਰੋ:ਜੇਕਰ ਤੁਸੀਂ ਆਪਣੇ ਬੱਚੇ ਨਾਲ ਜ਼ਿਆਦਾ ਸਮਾ ਬਿਤਾਉਦੇ ਹੋ ਅਤੇ ਉਨ੍ਹਾਂ ਦੇ ਮਨ 'ਚ ਕੀ ਚਲ ਰਿਹਾ ਹੈ, ਇਸ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਆਪਣੇ ਬੱਚਿਆਂ ਨਾਲ ਗੱਲ ਕਰੋ। ਤੁਸੀਂ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਪੜ੍ਹਾਈ ਬਾਰੇ, ਗੇਮਾਂ ਬਾਰੇ ਜਾਂ ਉਨ੍ਹਾਂ ਦੀ ਪਸੰਦ-ਨਾਪਸੰਦ ਬਾਰੇ ਰੋਜ਼ਾਨਾ ਕੁਝ ਦੇਰ ਉਨ੍ਹਾਂ ਨਾਲ ਗੱਲ ਕਰੋ। ਇਸ ਨਾਲ ਬੱਚਾ ਖੁਦ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ ਅਤੇ ਤੁਹਾਡੇ ਨਾਲ ਆਪਣੀ ਹਰ ਪਰੇਸ਼ਾਨੀ ਸਾਂਝੀ ਕਰੇਗਾ।
ਬੱਚਿਆਂ ਦੇ ਵਿਵਹਾਰ 'ਤੇ ਧਿਆਨ ਦਿਓ: ਅੱਜ ਦੇ ਸਮੇਂ 'ਚ ਜਦੋ ਬੱਚਾ ਵੱਡਾ ਹੋ ਜਾਂਦਾ ਹੈ, ਤਾਂ ਮਾਪੇ ਉਸ 'ਤੇ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਇਸ ਕਾਰਨ ਬੱਚਾ ਪਰਿਵਾਰ ਤੋਂ ਦੂਰ ਹੋ ਸਕਦਾ ਹੈ ਅਤੇ ਉਸਦੇ ਵਿਵਹਾਰ 'ਚ ਬਦਲਾਅ ਵੀ ਆ ਸਕਦਾ ਹੈ। ਇਸ ਲਈ ਆਪਣੇ ਬੱਚੇ ਦੇ ਵਿਵਹਾਰ 'ਤੇ ਨਜ਼ਰ ਰੱਖੋ ਅਤੇ ਉਸਨੂੰ ਗਲਤ ਚੀਜ਼ਾਂ ਦੇ ਪ੍ਰਭਾਵ 'ਚ ਆਉਣ ਤੋਂ ਰੋਕੋ।
ਬੱਚੇ ਨੂੰ ਹੌਸਲਾ ਦਿਓ: ਆਪਣੇ ਬੱਚੇ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਲਈ ਬੱਚੇ 'ਚ ਹੌਸਲੇ ਦੀ ਕਮੀ ਨਾ ਆਉਣ ਦਿਓ। ਜੇਕਰ ਤੁਹਾਡਾ ਬੱਚਾ ਕੋਈ ਸਫ਼ਲਤਾ ਹਾਸਲ ਕਰਦਾ ਹੈ, ਤਾਂ ਉਸਦੀ ਤਰੀਫ਼ ਕਰੋ। ਇਸ ਤੋਂ ਇਲਾਵਾ ਆਪਣੇ ਬੱਚੇ ਦੇ ਕਿਸੇ ਕੰਮ 'ਚੋ ਅਸਫ਼ਲ ਹੋ ਜਾਣ 'ਤੇ ਉਸਨੂੰ ਕੁਝ ਕਹਿਣ ਦੀ ਜਗ੍ਹਾਂ ਕੋਸ਼ਿਸ਼ ਕਰਦੇ ਰਹਿਣ ਅਤੇ ਅੱਗੇ ਵਧਦੇ ਰਹਿਣ ਦਾ ਹੌਸਲਾ ਦਿਓ।
ਬੱਚੇ ਨੂੰ ਚੰਗੀਆਂ ਆਦਤਾਂ ਸਿਖਾਓ:ਆਪਣੇ ਬੱਚੇ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਲਈ ਉਸਨੂੰ ਘਟ ਉਮਰ 'ਚ ਹੀ ਚੰਗੀਆਂ ਆਦਤਾਂ ਸਿਖਾਓ। ਬੱਚੇ ਨੂੰ ਕਸਰਤ, ਯੋਗਾ ਅਤੇ ਧਿਆਨ ਲਗਾਉਣ ਲਈ ਪ੍ਰੇਰਿਤ ਕਰੋ। ਇਸ ਨਾਲ ਬੱਚਾ ਸਰੀਰਕ ਤੌਰ 'ਤੇ ਹੀ ਨਹੀ ਸਗੋ ਮਾਨਸਿਕ ਤੌਰ 'ਤੇ ਵੀ ਸਿਹਤਮੰਦ ਰਹੇਗਾ।