ਤਰਨਤਾਰਨ: ਦੇਸ਼ ਦੀ ਸੇਵਾ ਕਰਨ ਅਤੇ ਅੰਗਰਜ਼ੀ ਹਕੂਮਤ ਨਾਲ ਟੱਕਰ ਲੈਣ ਵਾਲੇ ਅਜ਼ਾਦੀ ਘੁਲਾਟੀਏ ਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦਾ ਹੈ। ਜਿਥੇ ਅਜ਼ਾਦੀ ਘੁਲਾਟੀ ਸ਼ਿੰਗਾਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜ਼ਾਦੀ ਘੁਲਾਟੀਏ ਦੇ ਪਰਿਵਾਰ ਨੇ ਦੱਸਿਆ ਕਿ ਅਜ਼ਾਦੀ ਘੁਲਾਟੀਏ ਹੋਣ ਦੇ ਚੱਲਦਿਆਂ ਸ਼ਿੰਗਾਰ ਸਿੰਘ ਨੂੰ ਪਿੰਡ ਮਹਿੰਦੀਪੁਰ ਵਿਖੇ ਸਰਕਾਰ ਵਲੋਂ ਤੇਰ੍ਹਾਂ ਕਿਲ੍ਹੇ ਜ਼ਮੀਨ ਅਲਾਟ ਹੋਈ ਸੀ। ਜਿਸ 'ਤੇ ਉਥੋਂ ਦੇ ਕੁਝ ਲੋਕਾਂ ਵਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਰਿਵਾਰ ਦਾ ਕਹਿਣਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਅਦਾਲਤ 'ਚ ਕੇਸ ਵੀ ਲੜਿਆ ਗਿਆ, ਜਿਸ ਦਾ ਫੈਸਲਾ ਉਨ੍ਹਾਂ ਦੇ ਹੱਕ 'ਚ ਆਇਆ। ਉਨ੍ਹਾਂ ਦਾ ਕਹਿਣਾ ਕਿ ਜ਼ਮੀਨ ਦੇ ਸਾਰੇ ਕਾਗਜ਼ ਵੀ ਉਨ੍ਹਾਂ ਕੋਲ ਹਨ, ਪਰ ਪ੍ਰਸ਼ਾਸਨ ਵਲੋਂ ਪੂਰੀ ਤਰ੍ਹਾਂ ਉਨ੍ਹਾਂ ਨੂੰ ਕਬਜ਼ਾ ਨਹੀਂ ਦਿਵਾਇਆ ਗਿਆ।
ਇਸ ਮੌਕੇ ਅਜ਼ਾਦੀ ਘੁਲਾਟੀ ਦੇ ਪੋਤਰੇ ਦਾ ਕਹਿਣਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਜ਼ਮੀਨ 'ਚ ਕਣਕ ਦੀ ਬਜਾਈ ਕੀਤੀ ਸੀ, ਪਰ ਜਦੋਂ ਉਸ ਦੇ ਪਿਤਾ ਅਤੇ ਭਰਾ ਖੇਤ ਗੇੜਾ ਮਾਰਨ ਗਏ ਤਾਂ ਉਸ ਜ਼ਮੀਨ 'ਤੇ ਪਹਿਲਾਂ ਕਬਜ਼ਾ ਕਰਨ ਵਾਲੇ ਵਿਅਕਤੀ ਵਲੋਂ ਉਸ ਦੇ ਪਿਤਾ ਨਾਲ ਮਾਰਕੁੱਟ ਕੀਤੀ ਗਈ ਅਤੇ ਉਸਦੇ ਭਰਾ ਨੂੰ ਅਗਵਾ ਕਰਕੇ ਨਾਲ ਲੈ ਗਏ। ਜਿਸ ਨੂੰ ਲੈਕੇ ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।