Farmer Protest Tarn Taran: ਹੜ੍ਹ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ,5 ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਡੀਸੀ ਦਫਤਰ ਮੂਹਰੇ ਲਾਇਆ ਧਰਨਾ ਤਰਨ ਤਾਰਨ: ਬੀਤੇ ਦਿਨੀ ਪੰਜਾਬ 'ਚ ਆਏ ਹੜ੍ਹਾਂ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ ਪਰ ਅਜੇ ਤੱਕ ਹੜ੍ਹ ਪੀੜਤ ਕਿਸਾਨਾਂ ਨੂੰ ਰਾਹਤ ਨਹੀਂ ਮਿਲੀ। ਜਿਸ ਦੇ ਚਲਦਿਆਂ ਤਰਨਤਾਰਨ 5 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਫਸਲਾਂ ਦਾ ਘੱਟ ਮੁਆਵਜ਼ਾ ਦੇਣ ਦੇ ਰੋਸ ਵੱਜੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਧਰਨਾ ਲਗਾਇਆ ਗਿਆ। (Farmer Protest Tarn Taran)
ਸਰਕਾਰ ਨੇ ਮੁਆਵਜ਼ੇ ਦੇ ਨਾਮ 'ਤੇ ਕੀਤਾ ਮਜਾਕ: ਧਰਨੇ 'ਚ ਸ਼ਾਮਿਲ ਹੋਏ ਕਿਸਾਨ ਆਗੂ ਕੰਵਲਜੀਤ ਸਿੰਘ ਪੰਨੂ, ਪ੍ਰਗਟ ਸਿੰਘ ਮਹਿੰਦੀਪੁਰ ਵਾਲੇ,ਹਰਜਿੰਦਰ ਸਿੰਘ ਟਾਡਾ ਨੇ ਸਾਂਝੇ ਬਿਆਨ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੁੰ ਬਹੁਤ ਘੱਟ ਮੁਆਵਜਾ ਦੇ ਕੇ ਸਰਕਾਰ ਨੇ ਕੋਝਾ ਮਜਾਕ ਕੀਤਾ ਹੈ। ਕਿਸਾਨਾਂ ਨੂੰ ਘੱਟੋ ਘੱਟ 50,000 ਰੁਪਏ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਇਸ ਸਾਲ ਪੰਜਾਬ ਭਰ ਵਿੱਚ ਵੱਡੇ ਪੱਧਰ 'ਤੇ ਆਏ ਹੜ੍ਹਾਂ ਕਾਰਨ ਸਾਰੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਘਰ ਢਹਿ ਗਏ, ਪਸ਼ੂ ਮਰ ਗਏ ਅਤੇ ਜਾਨੀ ਨੁਕਸਾਨ ਵੀ ਹੋਇਆ ਹੈ। ਬਹੁਤੇ ਕਿਸਾਨਾਂ ਨੇ ਹੜ੍ਹਾਂ ਕਾਰਨ ਮਰੀ ਝੋਨੇ ਦੀ ਫਸਲ ਵੀ ਦੋ ਤੋਂ ਤਿੰਨ ਵਾਰ ਲਾਈ ਅਤੇ ਫਿਰ ਵੀ ਹੜ੍ਹਾਂ ਕਾਰਨ ਤਬਾਹ ਹੋ ਗਈ।
ਪੰਜਾਬ ਦੇ ਲੋਕਾਂ ਦਾ 7000 ਕਰੋੜ ਦਾ ਨੁਕਸਾਨ: ਇਸ ਦੇ ਨਾਲ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਦੇ ਮਾਰੇ ਇਲਾਕਿਆ ਵਿੱਚ ਪਸ਼ੂਆਂ ਲਈ ਚਾਰਾ ਨਹੀਂ ਬਚਿਆ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਬਹੁਤ ਨੁਕਸਾਨ ਹੋਇਆ।ਪੰਜਾਬ ਖੇਤੀ ਅਧਾਰਿਤ ਆਰਥਿਕਤਾ ਵਾਲਾ ਸੂਬਾ ਹੈ, ਜਿਸ ਵਿੱਚ ਹੜ੍ਹਾਂ ਨਾਲ ਫਸਲਾਂ, ਪਸ਼ੂਆਂ ਅਤੇ ਘਰਾਂ ਦੇ ਢਹਿਣ ਆਦਿ ਨਾਲ ਘੱਟੋ ਘੱਟ 7000 ਕਰੋੜ ਦਾ ਨੁਕਸਾਨ ਹੋ ਗਿਆ ਹੈ। ਕਲਯਾਣਕਾਰੀ ਰਾਜ ਪ੍ਰਬੰਧ ਵਿੱਚ ਸਰਕਾਰਾਂ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਮਦਦ ਲਈ ਅੱਗੇ ਆਉਣ ।
ਸਰਕਾਰ ਲੋਕਾਂ ਲਈ ਨਹੀਂ ਆਈ ਅੱਗੇ:ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬਹੁਤ ਦੁੱਖਦਾਈ ਅਤੇ ਨਿੰਦਣਯੋਗ ਪਹਿਲੂ ਹੈ ਕਿ ਅਜਿਹੀ ਬਹੁਤ ਵੱਡੀ ਕੁਦਰਤ ਦੀ ਕਰੋਪੀ ਸਮੇਂ ਸਰਕਾਰ ਕਿਤੇ ਨਜ਼ਰ ਨਹੀਂ ਆਈ। ਇਹ ਕੇਵਲ ਪੰਜਾਬ ਦੇ ਆਮ ਲੋਕ ਹੀ ਹਨ ਜੋ ਆਪਣੇ ਭਾਈਚਾਰੇ ਲਈ ਲੰਗਰ, ਦੁੱਧ,ਪਸ਼ੂਆਂ ਲਈ ਚਾਰਾ ਲੈ ਕੇ ਹੜ੍ਹ ਪੀੜਤਾਂ ਦੀ ਮੱਦਦ ਲਈ ਬਹੁੜੇ। ਲੋਕਾਂ ਨੇ ਹੀ ਇਕੱਠੇ ਹੋ ਕੇ ਦਰਿਆਵਾਂ ਵਿੱਚ ਪਾੜ ਪੂਰੇ। ਕਿਸਾਨ ਜਥੇਬੰਦੀਆਂ,ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਬਣਦਾ ਰੋਲ ਨਿਭਾਇਆ।
ਸਰਕਾਰ ਨੂੰ ਚਿਤਾਵਨੀ:ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਜੋ ਮਰਜੀ ਦਾਅਵੇ ਕਰੇ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਹਾਲੇ ਤੱਕ ਫਸਲਾਂ ਦੀ ਗਿਰਦਾਵਰੀ ਨਹੀਂ ਹੋਈ। ਸਰਕਾਰੀ ਅੰਕੜੇ ਗਵਾਹ ਹਨ ਕਿ 86 ਪ੍ਰਤੀਸ਼ਤ ਕਿਸਾਨਾਂ ਕੋਲ 5 ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਨਹੀਂ ਹੈ । ਕਿਸਾਨ ਆਗੂਆ ਕਿਹਾ ਜੇਕਰ ਸਾਡੀਆ ਹੱਕੀ ਮੰਗਾਂ ਨਾ ਮੰਨੀਆਂ ਤਾ 20 ਸਤੰਬਰ ਨੁੰ ਵੱਡੇ ਪੱਧਰ 'ਤੇ ਧਰਨੇ ਲੱਗਣਗੇ।