ਤਰਨ ਤਾਰਨ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਖਡੂਰ ਸਾਹਿਬ ਪੁੱਜਣ 'ਤੇ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਚੱਲਦਿਆਂ ਸਤਨਾਮ ਸਿੰਘ ਮੱਲਾ ਦੀ ਅਗਵਾਈ ਵਿੱਚ ਵਿਰੋਧ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਖ਼ਡੂਰ ਸਾਹਿਬ ਪਹੁੰਚਣ 'ਤੇ ਕਿਸਾਨ ਜਥੇਬੰਦੀਆਂ ਨੇ ਵਿਜੇ ਸਾਂਪਲਾ ਦਾ ਕੀਤਾ ਘਿਰਾਉ - farmers protest
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਖਡੂਰ ਸਾਹਿਬ ਪੁੱਜਣ 'ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਘਿਰਾਉ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਪਾਸ ਕਰਕੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਹੈ, ਉਸ ਦੇ ਚੱਲਦਿਆਂ ਸਾਰੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਅੱਜ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਖਡੂਰ ਸਾਹਿਬ ਆ ਰਹੇ ਹਨ ਤਾਂ ਉਹ ਤੁਰੰਤ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਤਰ ਹੋ ਗਏ। ਉਨ੍ਹਾਂ ਕਿਸਾਨ ਸੰਘਰਸ਼ ਦੇ ਝੰਡੇ ਫੜਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਵਿਜੇ ਸਾਂਪਲਾ ਨੇ ਜਿਨ੍ਹਾਂ ਦੇ ਘਰ ਵਿੱਚ ਜਾਣਾ ਸੀ ਉਨ੍ਹਾਂ ਦੇ ਘਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਵਿਜੇ ਸਾਂਪਲਾ ਨੂੰ ਉਸ ਪਰਿਵਾਰ ਨੂੰ ਮਿਲਿਆਂ ਹੀ ਵਾਪਸ ਜਾਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਕਿਸਾਨ ਆਗੂਆਂ ਨੂੰ ਦਿੱਲੀ ਸੱਦ ਕੇ ਜਲੀਲ ਕੀਤਾ ਹੈ। ਇਸ ਕਰਕੇ ਉਹ ਇਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਉੱਥੇ ਹੀ ਵਿਜੇ ਸਾਂਪਲਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹਨ, ਕਿਸਾਨ ਜਿੱਥੇ ਵੀ ਕਹਿਣਗੇ, ਉਹ ਉੱਥੇ ਆਉਣ ਲਈ ਤਿਆਰ ਹਨ।