ਤਰਨਤਾਰਨ: ਇੱਕ ਪਾਸੇ ਜਿੱਥੇ ਸਰਕਾਰਾਂ (Punjab Government) ਗਰੀਬ ਪਰਿਵਾਰਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਗੱਲ ਆਖਦੀ ਹੈ ਉੱਥੇ ਹੀ ਦੂਜੇ ਪਾਸੇ ਤਰਨਤਾਰਨ ਕਸਬਾ ਗੰਡੀਵਿੰਡ ਵਿਖੇ ਰਹਿਣ ਵਾਲੇ ਅਪਾਹਿਜ ਪਰਿਵਾਰ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਿਹਾ ਹੈ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਲੋਕਾਂ ਤੋਂ ਮੰਗ ਮੰਗ ਕੇ ਉਹ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ। ਘਰ ਦਾ ਮੁਖੀ ਜਸਵੰਤ ਸਿੰਘ ਦਰਜੀ ਦਾ ਕੰਮ ਕਰਦਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਉਨ (Lockdown) ’ਚ ਉਸਦਾ ਇਹ ਕੰਮ ਵੀ ਠੱਪ ਹੋ ਗਿਆ। ਹਾਲਾਤ ਇਹ ਬਣ ਗਏ ਹਨ ਕਿ ਦੋਵੇਂ ਅਪਾਹਿਜ ਪਤੀ ਪਤਨੀ ਨੂੰ ਮੰਗ ਮੰਗ ਕੇ ਗੁਜਾਰਾ ਕਰਨਾ ਪੈ ਰਿਹਾ ਹੈ, ਪਰ ਜਦੋ ਕੁਝ ਨਹੀਂ ਵੀ ਮਿਲਦਾ ਤਾਂ ਭੁਖੇ ਵੀ ਸੋਣਾ ਪੈ ਜਾਂਦਾ ਹੈ।
ਅਪਾਹਿਜ ਪਰਿਵਾਰ ਦੇ ਮੁਖੀਆ ਜਸਵੰਤ ਸਿੰਘ ਅਤੇ ਮਨਦੀਪ ਕੌਰ ਨੇ ਭਰੇ ਮਨ ਨਾਲ ਆਪਣੀ ਦੁੱਖ ਭਰੀ ਦਾਸਤਾਂ ਦੱਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤੋਂ ਵੀ ਉਨ੍ਹਾਂ ਜੁੜ ਨਹੀਂ ਪਾਉਂਦੀ। ਉਹ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਰੋਟੀ ਖਾਂਦੇ ਹਨ।
'ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਨਹੀਂ ਲਈ ਸਾਰ'
ਜਸਵੰਤ ਸਿੰਘ ਨੇ ਦੱਸਿਆ ਕਿ ਉਸਦਾ ਦਰਜੀ ਦਾ ਕੰਮ ਸੀ ਅਤੇ ਉਹ ਘਰ ਵਿੱਚ ਹੀ ਇਹ ਕੰਮ ਕਰਦਾ ਸੀ ਪਰ ਕੰਮ ਵੀ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਾ ਹੈ ਜਿਸ ਨਾਲ ਘਰ ਵਿਚ ਪੱਕਦੀ ਰੋਟੀ ਵੀ ਬੰਦ ਹੋ ਗਈ ਹੈ। ਜਸਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਫਾਰਮ ਭਰ ਕੇ ਸਰਕਾਰੇ ਦਰਬਾਰੇ ਦਿੱਤੇ ਗਏ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਟਰਾਈ ਸਾਈਕਲ ਨਹੀਂ ਮਿਲਿਆ ਅਤੇ ਨਾ ਹੀ ਅੱਜ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਲਈ।