ਤਰਨਤਾਰਨ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਸਿੰਘੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਸੀ। ਜਿਸਦਾ ਪਿੰਡ ਨਦੋਹਰ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਮੰਗਲ ਸਿੰਘ ਨੂੰ ਬੀਤੀ ਰਾਤ ਸਿੰਘੂ ਬਾਰਡਰ ’ਤੇ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ’ਚ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਸਿੰਘੂ ਬਾਰਡਰ ’ਤੇ ਧਰਨੇ ਚ ਸ਼ਾਮਿਲ ਸੀ ਪਰ ਬੀਤੀ ਰਾਤ ਉਸਨੂੰ ਦਿਲ ਦੌਰਾ ਪਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਲੰਬੇ ਸਮੇਂ ਤੋਂ ਇਸ ਸੰਘਰਸ਼ ਚ ਡਟਿਆ ਹੋਇਆ ਸੀ।
ਕਿਸਾਨ ਦੇ ਪਰਿਵਾਰ ਦੀ ਕੀਤੀ ਜਾਵੇ ਮਦਦ
ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਿਸਾਨ ਮੰਗਲ ਸਿੰਘ ਕੋਲ ਨਾ ਤਾਂ ਉਸਦੀ ਜ਼ਮੀਨ ਹੈ ਅਤੇ ਨਾ ਹੀ ਆਪਣਾ ਘਰ। ਉਸਦੇ ਪਰਿਵਾਰ ਦੇ ਲੋਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਜਿਸ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਬਣਦੀ ਸਹਾਇਤਾ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਤੋਂ ਵੀ ਇਸ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।