ਮੁਕਤਸਰ: ਮੁਕਤਸਰ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਧੱਕੇਸ਼ਾਹੀਆਂ ਦਾ ਦੌਰ ਰੁਕ ਨਹੀਂ ਰਿਹਾ ਹੈ। ਮੰਗਲਵਾਰ ਨੂੰ ਥਾਣਾ ਬਰੀਵਾਲਾ ਦੇ ਐਸ.ਐਚ.ਓ. ਜਗਦੀਪ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਉਹ ਇੱਕ ਕਿਸਾਨ 'ਤੇ ਜ਼ਮੀਨ ਛੱਡਣ ਲਈ ਦਬਾਅ ਪਾ ਰਿਹਾ ਹੈ ਕਿ ਜੇ ਜ਼ਮੀਨ ਨਾ ਛੱਡੀ ਤਾਂ ਔਰਤਾਂ ਸਮੇਤ ਸਾਰੇ ਪਰਿਵਾਰ ਵਿਰੁੱਧ 326 ਦਾ ਕੇਸ ਬਣਾ ਕੇ ਅੰਦਰ ਕਰ ਦਿਆਂਗਾ।
ਐਸ.ਐਚ.ਓ. ਮੁਕਤਸਰ ਦੀ ਕਿਸਾਨ ਨੂੰ ਧਮਕੀਆਂ ਦਿੰਦੇ ਹੋਏ ਵੀਡੀਓ ਵਾਇਰਲ ਕਿਸਾਨ ਸਵਰਨਜੀਤ ਨੇ ਵਾਇਰਲ ਹੋਈ ਵੀਡੀਓ ਦੇ ਨਾਲ ਇੱਕ ਹੋਰ ਵੀਡੀਓ ਦਿਖਾਇਆ ਕਿ ਉਸਦਾ ਚਾਚਾ ਤੇ ਉਸਦੇ ਮੁੰਡੇ ਉਸਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੀ ਜ਼ਮੀਨ ਵਾਹੀ ਤੇ ਟਰੈਕਟਰ ਦੇ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਉਸਦੇ ਦੰਦ ਵੀ ਤੋੜੇ, ਪਰ ਪੁਲਿਸ ਯੋਗ ਕਾਰਵਾਈ ਕਰਨ ਦੀ ਥਾਂ ਉਸ 'ਤੇ ਹੀ ਜ਼ਮੀਨ ਛੱਡਣ ਲਈ ਧਮਕੀਆਂ ਰਾਹੀਂ ਦਬਾਅ ਪਾਇਆ ਜਾ ਰਿਹਾ ਹੈ।
ਉਸਨੇ ਕਿਹਾ ਕਿ ਉਹ 50 ਸਾਲਾਂ ਤੋਂ ਇਸ ਜ਼ਮੀਨ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸਦੇ ਇੱਕ ਲੜਕੀ ਹੈ, ਜਿਸ ਕਾਰਨ ਉਸਦੇ ਸ਼ਰੀਕ ਵਾਲੇ ਜ਼ਮੀਨ ਹਥਿਆਉਣਾ ਚਾਹੁੰਦੇ ਹਨ। ਇਸ ਸਭ ਵਿੱਚ ਉਨ੍ਹਾਂ ਦਾ ਸਾਥ ਬਰੀਵਾਲਾ ਥਾਣੇ ਦਾ ਐਸ.ਐਚ.ਓ. ਦੇ ਰਿਹਾ ਹੈ।
ਐਸ.ਐਚ.ਓ. ਵੱਲੋਂ ਕਿਸਾਨ ਸਵਰਨਜੀਤ ਨੂੰ ਧਮਕਾਉਣ ਦੀ ਵੀਡੀਓ ਵਾਇਰਲ ਹੋਣ ਦੀ ਪੀੜਤ ਕਿਸਾਨ ਦੇ ਰਿਸ਼ਤੇਦਾਰਾਂ ਅਤੇ ਧੱਕੇਸ਼ਾਹੀ ਦੇ ਚਸ਼ਮਦੀਦਾਂ ਨੇ ਪੁਸ਼ਟੀ ਕਰਦਿਆਂ ਆਖਿਆ ਕਿ ਪੁਲਿਸ ਜਾਣ-ਬੁੱਝ ਕੇ ਸਵਰਨਜੀਤ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ।
ਦੂਜੇ ਪਾਸੇ ਥਾਣਾ ਬਰੀ ਵਾਲਾ ਦੇ ਐਸਐਚਓ ਜਗਦੀਪ ਸਿੰਘ ਨੇ ਬਿਨਾਂ ਕਿਸੇ ਦਬਾਅ ਤੋਂ ਪੁਲਿਸ ਕਾਰਵਾਈ ਕਰਨ ਦਾ ਕਹਿੰਦੇ ਹੋਏ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕਰਕੇ ਇਨਸਾਫ ਕੀਤਾ ਜਾਵੇਗਾ।