ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਸਿਆਸਤ ਦੇ ਕੱਦਵਾਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਹਿਰ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਆਗੂ ਰਜਿੰਦਰ ਸਿੰਘ ਰਾਜਾ ਦਾ ਉਨ੍ਹਾਂ ਨਾਲ ਜੁੜਣ 'ਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਢੀਂਡਸਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ।
ਅਕਾਲੀ ਦਲ ਦੇ ਵੱਡੇ ਆਗੂ ਮੇਰੇ ਸੰਪਰਕ 'ਚ: ਢੀਂਡਸਾ ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀਆਂ ਅਤੇ ਜਿਹੜੇ ਆਗੂ ਸੁਖਬੀਰ ਬਾਦਲ ਤੋਂ ਦੁਖੀ ਹੋ ਕੇ ਘਰਾਂ ਵਿੱਚ ਬੈਠੇ ਹਨ ਜਾ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ, ੳਨ੍ਹਾਂ ਨੂੰ ਇਸ ਮੁਹਿੰਮ ਨਾਲ ਜੋੜਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਅਕਾਲੀ ਦਲ ਟਕਸਾਲੀ, ਅਕਾਲੀ ਦਲ 1920 ਅਤੇ ਹੋਰ ਅਕਾਲੀ ਧੜਿਆਂ ਨੂੰ ਇੱਕਠਾ ਕਰਕੇ ਨਵੀਂ ਪਾਰਟੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
'ਜਥੇਦਾਰ ਪਹਿਲਾਂ ਬਾਦਲ ਪਰਿਵਾਰ ਨਾਲ ਕਰਨ ਗੱਲ' ਢੀਂਡਸਾ ਨੇ ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਖ਼ਾਲਿਸਤਾਨ ਵਾਲੇ ਬਿਆਨ 'ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਜਥੇਦਾਰ ਪਹਿਲਾਂ ਬਾਦਲ ਪਰਿਵਾਰ ਤੋਂ ਪੁੱਛਣ ਕਿ ਉਹ ਖ਼ਾਲਿਸਤਾਨ ਚਾਹੁੰਦੇ ਹਨ ਕਿ ਨਹੀਂ। ਉਨ੍ਹਾਂ ਕਿਹਾ ਜਥੇਦਾਰ ਹੁਣ ਆਪਣੇ ਬਿਆਨ ਤੋਂ ਬਦਲ ਗਏ ਹਨ, ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਏਜੰਡੇ 'ਤੇ ਖ਼ਾਲਿਸਤਾਨ ਨਹੀਂ ਹੈ।
ਇਸ ਤਰ੍ਹਾਂ ਹੀ ਉਨ੍ਹਾਂ ਕਿਹਾ ਕਿ ਯੂਪੀ ਵਿੱਚ ਸਰਕਾਰ ਵੱਲੋਂ ਸਿੱਖਾਂ ਦੇ ਉਜਾੜਾ ਕੀਤੇ ਜਾਣ ਦਾ ਉਹ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਨਾ ਰੁਕਿਆ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਜੇਕਰ ਸਰਕਾਰ ਸਿੱਖਾਂ ਵਿਰੁੱਧ ਕੋਈ ਕਾਨੂੰਨ ਬਣਾਵੇਗੀ ਤਾਂ ਉਸ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।
ਕੇਂਦਰੀ ਆਰਡੀਨੈਂਸਾਂ ਦਾ ਵਿਰੋਧ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਅਤੇ ਖੇਤੀ ਖੇਤਰ ਨਾਲ ਸਬੰਧਤ ਆਰਡੀਨੈਂਸਾਂ ਬਾਰੇ ਢੀਂਡਸਾ ਨੇ ਕਿਹਾ ਕਿ ਉਹ ਇਨ੍ਹਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਆਰਡੀਨੈਂਸ ਪੰਜਾਬ ਅਤੇ ਕਿਸਾਨਾਂ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਸੰਘੀ ਢਾਂਚੇ ਵਿੱਚ ਰਹਿ ਕੇ ਉਹ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਲੜਨਗੇ।