ਸ੍ਰੀ ਮੁਕਤਸਰ ਸਾਹਿਬ: ਬੀਤੀ ਰਾਤ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਇੱਕ ਨਿਹੰਗ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਨੇ ਲੋਹੇ ਦੀ ਰੋਡ ਨਾਲ ਵਾਰਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਨਿਹੰਗ ਸਿੰਘ ਜਸਵੀਰ ਸਿੰਘ ਬੱਗਾ ਵਾਸੀ ਹੁਸਨਰ ਵੱਲੋਂ ਗਿੱਦੜਬਾਹਾ ਮਲੋਟ ਰੋਡ ’ਤੇ ਝੌਂਪੜੀ ਬਣਾ ਕੇ ਪਿਛਲੇ ਕੁੱਝ ਦਿਨ੍ਹਾਂ ਤੋਂ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੀ।
ਗਿੱਦੜਬਾਹਾ 'ਚ ਲੰਗਰ ਦੀ ਸੇਵਾ ਕਰ ਰਹੇ ਨਿਹੰਗ ਸਿੰਘ ਦਾ ਕਤਲ, 2 ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Murder of Nihang Singh: ਇਤਿਹਾਸਕ ਨਗਰੀ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਵਿੱਚ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸੜਕ ਕਿਨਾਰੇ ਲੰਗਰ ਵਿੱਚ ਸੇਵਾ ਕਰ ਰਹੇ ਇੱਕ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਅਣਛਾਤਿਆਂ ਨੇ ਕਤਲ ਕਰ ਦਿੱਤਾ।
Published : Jan 3, 2024, 3:47 PM IST
|Updated : Jan 3, 2024, 3:54 PM IST
ਬੇਰਹਿਮੀ ਨਾਲ ਨਿਹੰਗ ਸਿੰਘ ਦਾ ਕਤਲ:ਲੰਗਰ ਦੀ ਸੇਵਾ ਦੌਰਾਨ ਹੀ ਬੀਤੀ ਰਾਤ ਜਦੋਂ ਦੋ ਅਣਪਛਾਤੇ ਹਮਲਾਵਰ ਆਏ ਤਾਂ ਉਕਤ ਨਿਹੰਗ ਸਿੰਘ ਨੇ ਉਨ੍ਹਾਂ ਨੂੰ ਲੰਗਰ ਛਕਣ ਲਈ ਕਿਹਾ ਪਰ ਉਕਤ ਅਣਪਛਾਤੇ ਹਮਲਾਵਰਾਂ ਨੇ ਲੰਗਰ ਛਕਣ ਦੀ ਬਜਾਏ ਨਿਹੰਗ ਸਿੰਘ ਨੂੰ ਬਾਹਰ ਆਉਣ ਲਈ ਕਿਹਾ ਅਤੇ ਜਦੋਂ ਨਿਹੰਗ ਆਪਣੀ ਝੌਂਪੜੀ 'ਚੋਂ ਬਾਹਰ ਆਇਆ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਉਸ ਦੇ ਸਾਹਮਣੇ ਹੀ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਅੱਗੇ ਕਿਹਾ ਕਿ ਜਦੋਂ ਉਸ ਦਾ ਪਤੀ ਝੌਂਪੜੀ ਤੋਂ ਬਾਹਰ ਗਿਆ ਤਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਨਿਹੰਗ ਸਿੰਘ ਨੇ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ:ਇਸ ਵਾਰਦਾਤ ਦੀ ਪ੍ਰਤੱਖਦਰਸ਼ੀ ਪਤਨੀ ਨੇ ਦੱਸਿਆ ਕਿ ਇੱਕ ਹਮਲਾਵਰ ਨਕਾਬਪੋਸ਼ ਸੀ ਪਰ ਦੂਜੇ ਨੇ ਮੂੰਹ ਨਹੀਂ ਢਕਿਆ ਸੀ। ਮ੍ਰਿਤਕ ਦੀ ਪਤਨੀ ਮੁਤਾਬਿਕ ਉਹ ਹਮਲਾਵਰਾਂ ਨੂੰ ਨਹੀਂ ਜਾਣਦੀ ਅਤੇ ਨਾ ਹੀ ਉਸ ਦੇ ਪਤੀ ਦੀ ਕਿਸੇ ਨਾਲ ਦੁਸ਼ਮਣੀ ਸੀ। ਦੱਸ ਦਈਏ ਮ੍ਰਿਤਕ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਲੜਕਾ ਸਤਨਾਮ 5 ਸਾਲ, ਏਕਮ 2 ਸਾਲ ਅਤੇ ਇੱਕ ਬੇਟੀ ਧਨਵੀਰ ਕੌਰ ਜੋ ਮਹਿਜ਼ ਤਿੰਨ ਮਹੀਨੇ ਦੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।