ਪਾਬੰਦੀ ਦੇ ਬਾਵਜੂਦ ਵੱਡੀ ਮਾਤਰਾ 'ਚ ਵੇਚ ਰਹੇ ਸੀ ਚਾਈਨਾ ਡੋਰ, ਪੁਲਿਸ ਨੇ ਕੀਤੇ ਕਾਬੂ ਰੋਪੜ: ਪ੍ਰਸ਼ਾਸਨ ਵੱਲੋਂ ਜਿੱਥੇ ਚਾਈਨਾ ਡੋਰ 'ਤੇ ਲਗਾਮ ਲਗਾਉਣ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਚਾਈਨਾ ਡੋਰ ਦਾ ਇਸਤਮਾਲ ਰੁਕ ਨਹੀਂ ਰਿਹਾ ਹੈ। ਵੱਖ ਵੱਖ ਸ਼ਹਿਰਾਂ ਵਿਚ ਚਾਈਨਾ ਡੋਰ ਦੇ ਸ਼ਿਕਾਰ ਲੋਕਾਂ ਨੂੰ ਦੇਖਦੇ ਹੋਏ ਮਾਮਲੇ 'ਤੇ ਗੰਭੀਰ ਪੁਲਿਸ ਨੇ ਚਾਈਨਾ ਡੋਰ ਦੇ ਖਿਲਾਫ ਰੋਪੜ ਵਿਖੇ ਕਾਰਵਾਈ ਕਰਦੇ ਹੋਏ 80 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਅਤੇ ਨਾਲ ਹੀ ਡੋਰ ਵੇਚਣ ਦੇ ਦੋਸ਼ੀ ਦੋ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਵਿਕਰੀ ਨਾਲ ਹੋਣ ਵਾਲੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਲਈ ਰੋਪੜ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ।
ਇਹ ਵੀ ਪੜ੍ਹੋ :ਚਾਈਨਾ ਡੋਰ ਨੂੰ ਲੈਕੇ ਰੂਪਨਗਰ ਡੀਸੀ ਦੀ ਚਿਤਾਵਨੀ, ਜੇਕਰ ਵਿਕਰੀ ਕਰਦਿਆ ਕੋਈ ਫੜ੍ਹਿਆ ਗਿਆ ਤਾਂ ਹੋਵੇਗਾ ਮਾਮਲਾ ਦਰਜ
ਸਿਟੀ ਥਾਣਾ ਐਸ ਐਚ ਓ ਪਵਨ ਕੁਮਾਰ ਨੇ ਦੱਸਿਆ ਕਿ ਮੁਖਬਰ ਤੋਂ ਇਤਲਾਹ ਮਿਲਣ 'ਤੇ ਪਿੰਡ ਕੋਟਲਾ ਨਿਹੰਗ ਵਿਖੇ ਪਤੰਗਾਂ ਦੀ ਦੁਕਾਨ ਕਰਦੇ ਸੁਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਨੂੰ ਉਸ ਦੀ ਦੁਕਾਨ 'ਚ ਰੇਡ ਕਰਕੇ 12 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਹਨ ਅਤੇ ਸੁਖਵਿੰਦਰ ਸਿੰਘ ਦੀ ਪੁੱਛ ਗਿੱਛ ਦੇ ਅਧਾਰ ਤੇ ਇਹ ਚਾਈਨਾ ਡੋਰ ਦੇ ਗੱਟੂ ਉਸ ਵੱਲੋਂ ਗੌਰਵ ਉਰਫ ਰਾਜਨ ਅਰੋੜਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਚਾਰ ਹੱਟੀਆ ਰੂਪਨਗਰ ਜੋ ਆਪਣੇ ਮੁਹੱਲੇ ਵਿਚ ਪਤੰਗਾਂ ਦੀ ਦੁਕਾਨ ਕਰਦਾ ਹੈ ਉਸ ਕੋਲੋਂ ਖਰੀਦ ਕਰਦੇ ਸਨ।
ਜਿਸਦੀ ਪੁੱਛ ਗਿੱਛ ਦੇ ਅਧਾਰ 'ਤੇ ਗੌਰਵ ਉਰਫ ਰਾਜਨ ਅਰੋੜਾ ਨੂੰ ਨਾਮਜਦ ਕਰਕੇ ਉਸ ਦੇ ਗੋਦਾਮ ਜੋ ਨੇੜੇ SAS ਅਕੈਡਮੀ ਰੂਪਨਗਰ ਵਿਖੇ ਹੈ ਤੇ ਰੇਡ ਕਰਕੇ 80 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਗਾਹੇ ਬਗਾਹੇ ਚਾਈਨਾ ਡੋਰ ਬਾਜ਼ਾਰਾਂ ਦੇ ਵਿੱਚ ਜਰੂਰ ਵਿਕ ਰਹੀ ਹੈ ਜਿਸ ਦੀ ਗਵਾਹੀ ਨਿੱਤ ਦਿਨ ਹੋ ਰਹੀਆਂ ਘਟਨਾਵਾਂ ਦੇ ਰਹੀਆਂ ਹਨ। ਚਾਈਨਾ ਡੋਰ ਨੂੰ ਪੰਜਾਬ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਹੈ ਪਰ ਬਾਵਜੂਦ ਫਿਰ ਵੀ ਇਸ ਦੀ ਵਿਕਰੀ ਲੁਕ ਛਿਪ ਕੇ ਕੀਤੀ ਜਾ ਰਹੀ ਹੈ ਚਾਇਨਾ ਡੋਰ ਇਕ ਬਹੁਤ ਖਤਰਨਾਕ ਡੋਰ ਹੈ ਜਿਸ ਨਾਲ ਕਈ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ।
ਫਿਲਹਾਲ ਪ੍ਰਸ਼ਾਸ਼ਨ ਵੱਲੋਂ ਬਸੰਤ ਦੇ ਮੱਦੇਨਜ਼ਰ ਸਖਤੀ ਕੀਤੀ ਗਈ ਹੈ ਅਤੇ ਉਸ ਦਾ ਅਸਰ ਵਿਖਾਈ ਦੇ ਰਿਹਾ ਹੈ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਬਜ਼ਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੁਪਤ ਤਰੀਕੇ ਤੋਂ ਵੀ ਸੂਚਨਾਵਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਜਾ ਰਿਹਾ ਹੈ ਉਪਰੋਂ ਪੁਲਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਐਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ।