ਨਵਾਂਸ਼ਹਿਰ:ਹਲਕਾ ਬਲਾਚੌਰ ਦੇ ਪਿੰਡ ਮੌਜੋਵਾਲ ਮਜਾਰਾ ਵਿਖੇ ਇਕ 40 ਸਾਲਾ ਔਰਤ ਵਲੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਸਦਰ ਬਲਾਚੌਰ ਪੁਲਿਸ ਵਲੋਂ ਮ੍ਰਿਤਕ ਕੋਲੋ ਮਿਲੇ ਸੁਸਾਈਡ ਨੋਟ ਦੇ ਅਧਾਰ ‘ਤੇ ਮਾਮਲਾ ਦਰਜ ਕਰਦਿਆਂ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਚੋਂ ਦੋ ਦੀ ਗ੍ਰਿਫਤਾਰੀ ਕਰ ਲਈ ਗਈ ਹੈ।
ਥਾਣਾ ਮੁਖੀ ਐਸ ਐਚ ਓ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਮਜਾਰਾ ਥਾਣਾ ਬਲਾਚੌਰ ਵਲੋਂ ਦਰਜ ਕਰਵਾਏ ਬਿਆਨ ਮੁਤਾਬਿਕ ਉਨ੍ਹਾਂ ਦਾ ਸੁਰਿੰਦਰ ਸਿੰਘ ਪੁੱਤਰ ਬਾਵਾ ਸਿੰਘ ਨਾਲ ਜ਼ਮੀਨੀ ਝਗੜਾ ਰਹਿੰਦਾ ਸੀ ਤੇ ਡੀ.ਐੱਸ.ਪੀ. ਬਲਾਚੌਰ ਕੋਲ ਮਾਮਲੇ ਦੀ ਪੜਤਾਲ ਚੱਲ ਰਹੀ ਸੀ ।
ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਮੁਤਾਬਿਕ ਸੁਰਿੰਦਰ ਸਿੰਘ ਉਸ ਦੀ ਪਤਨੀ ਤਰਸੇਮ ਕੌਰ ਅਤੇ ਸਰਬਜੀਤ ਕੌਰ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਪੀੜਤ ਨੇ ਦੱਸਿਆ ਕਿ ਸੁਰਿੰਦਰ ਸਿੰਘ ਦਾ ਵਿਦੇਸ਼ ਵਿਚ ਰਹਿੰਦਾ ਲੜਕਾ ਹਰਨੇਕ ਸਿੰਘ ਫੋਨ ‘ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਜਦੋਂ ਉਸ ਦੀ ਪਤਨੀ ਸਰਬਜੀਤ ਕੌਰ ਖੇਤਾਂ ਵਿਚ ਪੱਠੇ ਲੈਣ ਗਈ, ਜਿੱਥੇ ਸੁਰਿੰਦਰ ਸਿੰਘ ਤੇ ਉਸ ਦੀ ਪਤਨੀ ਨੇ ਸਰਬਜੀਤ ਕੌਰ ਨੂੰ ਬਹੁਤ ਜ਼ਲੀਲ ਕੀਤਾ ਅਤੇ ਪ੍ਰੇਸ਼ਾਨ ਹੋ ਕੇ ਸਰਬਜੀਤ ਕੌਰ ਨੇ ਜ਼ਹਿਰੀਲੀ ਦਵਾਈ ਖਾ ਲਈ ।