ਬਲਾਚੌਰ: ਨਵਾਂਸ਼ਹਿਰ 'ਚ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਵਾਂਸ਼ਹਿਰ ਦੇ ਕਸਬਾ ਬਲਾਚੌਰ 'ਚ ਇੱਕ 19 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਦੀ ਲਾਸ਼ ਖੇਤਾਂ 'ਚ ਦੱਬੀ ਹੋਈ ਮਿਲੀ। ਨੌਜਵਾਨ ਦਾ 15 ਦਿਨ ਬਾਅਦ ਵਿਆਹ ਹੋਣਾ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਬਲਾਚੌਰ-ਨਵਾਂਸ਼ਹਿਰ ਰੋਡ ਸਤਸੰਗ ਘਰ ਨੇੜੇ ਡੇਰੇ 'ਚ ਰਹਿੰਦੇ ਹਨ। ਉਸ ਦਾ ਭਰਾ ਮਸ਼ਰੂਮ ਖ਼ਾਨ ਉਰਫ਼ ਮਸਰੂ (19) ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਤਸੰਗ ਘਰ ਦੇ ਪਿੱਛੇ ਜੰਗਲ ਪਾਣੀ ਗਿਆ ਪਰ ਕਾਫ਼ੀ ਸਮਾਂ ਬੀਤ ਜਾਣ 'ਤੇ ਵਾਪਸ ਨਹੀਂ ਆਇਆ।
ਪਰਿਵਾਰ ਵਾਲਿਆਂ ਨੇ ਜਦੋਂ ਮਸਰੂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਘਰ ਤੋਂ ਕੁਝ ਦੂਰ ਖੇਤਾਂ 'ਚ ਉਸ ਦੀ ਪੈਰਾਂ 'ਚ ਪਾਈ ਹੋਈ ਚੱਪਲ ਅਤੇ ਲੋਈ ਮਿਲੀ। ਥੋੜ੍ਹਾ ਅੱਗੇ ਜਾ ਕੇ ਵੇਖਿਆਂ ਤਾਂ ਝਾੜੀਆਂ 'ਚ ਉਸ ਦਾ ਪੈਰ ਵਿਖਾਈ ਦੇ ਰਿਹਾ ਸੀ, ਜਦੋਂ ਮਿੱਟੀ ਹਟਾਈ ਗਈ ਤਾਂ ਉਸ ਦੀ ਲਾਸ਼ ਮਿੱਟੀ 'ਚ ਦੱਬੀ ਹੋਈ ਮਿਲੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਬਲਾਚੌਰ ਵਿੱਚ 19 ਸਾਲਾ ਨੌਜਵਾਨ ਦਾ ਕਤਲ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਲਾਚੌਰ ਭੇਜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ 15 ਦਿਨ ਬਾਅਦ ਉਸ ਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਕਾਤਲਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇ।
ਘਟਨਾ ਵਾਲੀ ਥਾਂ ਪੁਲਿਸ ਪਾਰਟੀ ਸਣੇ ਪੁੱਜੇ ਐੱਸਐੱਚਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਲੈ ਕੇ ਸਿਵਲ ਹਸਪਤਾਲ ਬਲਾਚੌਰ ਭੇਜ ਦਿੱਤਾ ਹੈ ਕਤਲ ਦੇ ਕਾਰਨਾਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਬਿਆਨ ਦੇਣਗੇ ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।