ਲਹਿਰਾਗਾਗਾ ਦੇ ਨੌਜਵਾਨ ਦੀ ਸਿੰਗਾਪੁਰ 'ਚ ਹੋਈ ਮੌਤ ਸੰਗਰੂਰ:ਪੰਜਾਬ ਤੋਂ ਨੌਜਵਾਨ ਅਕਸਰ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ, ਪਰ ਕਈ ਵਾਰ ਵਿਦੇਸ਼ਾਂ 'ਚ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੇ ਚੱਲਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਤੋਂ ਸਾਹਮਣੇ ਆਇਆ, ਜਿਥੇ ਲਖਵਿੰਦਰ ਨਾਮ ਦਾ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਸਿੰਗਾਪੁਰ ਗਿਆ ਸੀ ਪਰ ਉਥੇ ਉਸ ਦੀ ਮੌਤ ਹੋ ਗਈ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਛਾ ਗਿਆ। (Youth died in Singapore)
ਏਜੰਟ 'ਤੇ ਧੋਖਾਧੜੀ ਕਰਨ ਦੇ ਇਲਜ਼ਾਮ: ਉਥੇ ਹੀ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਪੁੱਜੀ ਹੈ ਤੇ ਪਰਿਵਾਰ ਵਲੋਂ ਟ੍ਰੈਵਲ ਏਜੰਟ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਹੈ। ਜਿਸ ਦੇ ਚੱਲਦੇ ਉਨ੍ਹਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਏਜੰਟ ਵਲੋਂ ਉਨ੍ਹਾਂ ਦੇ ਪੁੱਤ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਮ੍ਰਿਤਕ ਲਖਵਿੰਦਰ ਨੇ ਵਰਕ ਵੀਜ਼ੇ 'ਤੇ ਸਿੰਗਾਪੁਰ ਜਾਣਾ ਸੀ ਪਰ ਏਜੰਟ ਨੇ ਉਨ੍ਹਾਂ ਨਾਲ ਠੱਗੀ ਮਾਰਦਿਆਂ ਟੂਰਿਸਟ ਵੀਜ਼ਾ ਦਿੱਤਾ ਹੈ। ਪਰਿਵਾਰ ਦਾ ਕਹਿਣਾ ਕਿ ਸਾਨੂੰ ਇਹ ਤੱਕ ਨਹੀਂ ਪਤਾ ਕਿ ਲਖਵਿੰਦਰ ਦੀ ਮੌਤ ਕਿਸ ਤਰ੍ਹਾਂ ਹੋਈ ਤੇ ਉਸ ਨੂੰ ਕਿਹੜੀ ਬਿਮਾਰੀ ਸੀ।
ਪੁਲਿਸ ਤੋਂ ਕਾਰਵਾਈ ਦੀ ਮੰਗ: ਉੱਥੇ ਹੀ ਲਖਵਿੰਦਰ ਦੀ ਭੈਣ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਦੇ ਪਿਤਾ ਨੇ ਵਿਆਜ 'ਤੇ ਪੈਸੇ ਚੱਕ ਕੇ ਸਾਡੇ ਭਰਾ ਨੂੰ ਸਿੰਗਾਪੁਰ ਭੇਜਿਆ ਸੀ ਤਾਂ ਜੋ ਉਥੇ ਉਹ ਆਪਣਾ ਚੰਗਾ ਭਵਿੱਖ ਬਣਾ ਸਕੇ ਅਤੇ ਘਰ ਦੀ ਗਰੀਬੀ ਨੂੰ ਦੂਰ ਸਕੇ। ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਏਜੰਟ ਵੱਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਅਤੇ ਭਰਾ ਦਾ ਵਰਕ ਵੀਜ਼ਾ ਦੀ ਥਾਂ ਟੂਰਿਸਟ ਵੀਜ਼ਾ ਲਗਵਾਇਆ ਗਿਆ। ਜਿਸ ਦੇ ਚੱਲਦੇ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਨਾਲ ਹੀ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ।
ਧੋਖੇਬਾਜ਼ ਏਜੰਟਾਂ ਦੀ ਕੱਸੀ ਜਾਵੇ ਨਕੇਲ: ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲਖਵਿੰਦਰ ਇੱਕ ਮਿਹਨਤੀ ਲੜਕਾ ਸੀ ਜੋ ਆਪਣੀ ਘਰ ਦੀ ਗਰੀਬੀ ਦੂਰ ਕਰਨ ਲਈ ਰੁਜ਼ਗਾਰ ਖਾਤਰ ਸਿੰਗਾਪੁਰ ਗਿਆ ਸੀ। ਉਨ੍ਹਾਂ ਕਿਹਾ ਕਿ ਏਜੰਟਾਂ ਵਲੋਂ ਨੌਜਵਾਨਾਂ ਨਾਲ ਠੱਗੀ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਅਜਿਹੇ ਏਜੰਟਾਂ ਖਿਲਾਫ਼ ਨਕੇਲ ਕੱਸੀ ਜਾਵੇ ਤਾਂ ਜੋ ਕਿਸੇ ਹੋਰ ਦਾ ਧੀ ਪੁੱਤ ਇੰਨ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਏਜੰਟ ਨੂੰ ਸਜ਼ਾ ਦੇਵੇ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਪੁਲਿਸ ਕਰੇਗੀ ਪਰਿਵਾਰ ਦੀ ਮਦਦ: ਉੱਥੇ ਹੀ ਸੰਗਰੂਰ ਦੇ SSP ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿਚ ਸੰਗਰੂਰ ਪੁਲਿਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੇਗੀ ਅਤੇ ਜੋ ਵੀ ਮਾਮਲਾ ਸਾਹਮਣੇ ਆਉਂਦਾ ਹੈ ਉਸ ਮੁਤਾਬਿਕ ਕਾਰਵਾਈ ਕਰੇਗੀ।