ਸੰਗਰੂਰ:ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਾਹੌਲ ਦਿਨੋਂ-ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਖਬਰਾਂ ਆ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਲੁਟੇਰੇ ਬੇਖੌਫ ਹੋ ਕੇ ਦਿਨ-ਦਿਹਾੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਇਸੇ ਤਰ੍ਹਾਂ ਦਾ ਹੀ ਮਾਮਲਾ ਸੰਗਰੂਰ ਦੇ ਸੁਨਾਮੀ ਗੇਟ ਤੋਂ ਸਾਹਮਣੇ ਆਇਆ ਹੈ, ਜਿਥੇ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿਚ ਇਕ ਕਿਤਾਬਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਰਾਜੀਵ ਬੁੱਕ ਸਟੋਰ ਵਿਚੋਂ ਲੁਟੇਰਿਆਂ ਨੇ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਕਤ ਲੁਟੇਰੇ ਉਸ ਦੀ ਦੁਕਾਨ ਉਤੇ ਕਿਤਾਬਾਂ ਲੈਣ ਦੇ ਬਹਾਨੇ ਆਏ ਸਨ। ਪਹਿਲਾਂ ਉਹ ਕਾਫੀ ਸਮਾਂ ਕਿਤਾਬਾਂ ਦੇਖਦੇ ਰਹੇ ਤੇ ਬਾਅਦ ਵਿਚ ਉਸ ਨੇ ਦੁਕਾਨਦਾਰ ਨੂੰ ਕਿਹਾ ਕਿ ਮੇਰੀ ਮਾਤਾ ਜੀ ਬਾਹਰ ਗੱਡੀ ਵਿਚ ਬੈਠੇ ਹਨ ਉਨ੍ਹਾਂ ਨੂੰ ਲੈ ਆਓ, ਜਦੋਂ ਦੁਕਾਨਦਾਰ ਨੇ ਆਪਣਾ ਕਾਮਾ ਉਸ ਦੀ ਗੱਡੀ ਵੱਲ ਭੇਜਿਆ ਤਾਂ ਪਿੱਛੋਂ ਲੁਟੇਰੇ ਨੇ ਉਸ ਦੇ ਹੱਥ ਵਿਚ ਪਾਈ ਮੁੰਦਰੀ ਲੁਹਾ ਲਈ ਤੇ ਉਥੋਂ ਫਰਾਰ ਹੋ ਗਿਆ। ਦੁਕਾਨਦਾਰ ਬਜ਼ੁਰਗ ਹੋਣ ਕਾਰਨ ਉਹ ਜ਼ਿਆਦਾ ਭੱਜ-ਦੌੜ ਨਹੀਂ ਕਰ ਸਕਿਆ।