ਸੰਗਰੂਰ: ਪਿੰਡ ਲੌਂਗੋਵਾਲ ਵਿਖੇ ਇੱਕ ਸਕੂਲ ਵੈਨ ਹਾਦਸਾਗ੍ਰਸਤ ਹੋ ਗਈ। ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਸਕੂਲ ਦੇ ਮਾਲਕ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਦੇ ਨਾਲ-ਨਾਲ ਡਰਾਈਵਰ ਦਲਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 7 ਲੱਖ 25 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਘਟਨਾ ਵਾਲੀ ਥਾਂ 'ਤੇ ਪਹੁੰਚੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਦਰਦਨਾਕ ਘਟਨਾ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ।
ਦੱਸ ਦਈਏ ਕਿ ਇਹ ਬੱਚੇ ਲੌਂਗੋਵਾਲ ਦੇ ਸਿਮਰਨ ਪਬਲਿਕ ਸਕੂਲ 'ਚ ਪੜ੍ਹਦੇ ਹਨ। ਅੱਜ ਬੱਚਿਆਂ ਨੂੰ ਦੁਪਹਿਰ ਸਮੇਂ ਵੈਨ ਰਾਹੀਂ ਘਰ ਲਿਜਾਇਆ ਜਾ ਰਿਹਾ ਸੀ। ਪਿੰਡ ਕੇਹਰ ਸਿੰਘ ਵਾਲੀ ਨੇੜੇ ਤਨਕੀਨੀ ਖ਼ਰਾਬੀ ਕਾਰਨ ਵੈਨ ਨੂੰ ਅੱਗ ਲੱਗ ਗਈ। ਵੈਨ 'ਚ ਕੁੱਲ 12 ਬੱਚੇ ਸਵਾਰ ਸਨ।
ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਘਟਨਾ ਦੀ ਮੈਜੀਸਟ੍ਰੀਅਲ ਜਾਂਚ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ 'ਤੇ ਟਵੀਟ ਕਰ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਹਰ ਸੰਭਵ ਮਦਦ ਦੀ ਮੰਗ ਕੀਤੀ।