ਮਲੇਰਕੋਟਲਾ: ਦੁਨੀਆ ਭਰ ਵਿੱਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਮੌਕੇ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਸੜਕਾਂ 'ਤੇ ਉੱਤਰੀਆਂ ਅਤੇ ਇਸ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਮਹਿਲਾਵਾਂ ਨੇ ਹੱਥਾਂ ਵਿੱਚ ਦੇਸ਼ ਦਾ ਤਿਰੰਗਾ ਝੰਡਾ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਾਗਰਿਕਤਾ ਸੋਧ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ।
ਮਲੇਰਕੋਟਲਾ ਦੇ ਸਰਹੰਦੀ ਗੇਟ ਤੋਂ ਚੱਲ ਕੇ ਇਹ ਰੋਸ ਰੈਲੀ ਕਮਲ ਸਿਨਮਾ ਰੋਡ ਤੱਕ ਪਹੁੰਚੀ ਜਿੱਥੇ ਵੱਖ-ਵੱਖ ਮਹਿਲਾ ਆਗੂਆਂ ਵੱਲੋਂ ਇਨ੍ਹਾਂ ਮਹਿਲਾਵਾਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਇਕਜੁੱਟ ਰਹਿ ਕੇ ਇਸੇ ਤਰ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਮੁਸਲਿਮ ਹੀ ਨਹੀਂ ਬਲਕਿ ਗ਼ੈਰ-ਮੁਸਲਿਮ ਸਿੱਖ, ਹਿੰਦੂ ਤੇ ਹੋਰ ਧਰਮਾਂ ਦੀਆਂ ਮਹਿਲਾਵਾਂ ਵੀ ਇਸ ਰੋਸ ਰੈਲੀ ਵਿੱਚ ਸ਼ਾਮਲ ਹੋਈਆਂ।