ਲਹਿਰਾਗਾਗਾ: ਪੰਜਾਬ ਫੂਡ ਏਜੰਸੀ ਪੱਲੇਦਾਰ ਅਜ਼ਾਦ ਯੂਨੀਅਨ ਡੀਪੂ ਮੂਨਕ ਦੇ ਪੱਲੇਦਾਰ ਮਜ਼ਦੂਰਾਂ ਨੇ ਮਜ਼ਦੂਰ ਵਿਰੋਧੀ ਨਵੀਂ ਪੌਲਸੀ ਖਿਲਾਫ ਪੰਜਾਬ ਸਰਕਾਰ ਅਤੇ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦਾ ਪੁਤਲਾ ਫੂਕਿਆ।
ਪੱਲੇਦਾਰ ਮਜ਼ਦੂਰ ਯੂਨੀਅਨ ਨੇ ਨਵੀਂ ਲੇਬਰ ਪੌਲਸੀ ਵਿਰੁੱਧ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਇਸ ਮੌਕੇ ਸੂਬਾ ਜਰਨਲ ਸਕੱਤਰ ਰਾਮਪਾਲ ਮੂਨਕ ਨੇ ਕਿਹਾ ਕਿ ਪੱਲੇਦਾਰ ਮਜ਼ਦੂਰ ਕੋਰੋਨਾ ਵਾਇਰਸ ਦੀ ਨਾ-ਮੁਰਾਦ ਬਿਮਾਰੀ ਦੌਰਾਨ ਵੀ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਪਿਛਲੇ ਕਈ ਮਹੀਨਿਆਂ ਤੋਂ ਅਨਾਜ (ਕਣਕ ਅਤੇ ਚਾਵਲ) ਦੀ ਲੋਡਿੰਗ, ਅਨਲੋਡਿੰਗ, ਸਟੌਕਿੰਗ ਅਤੇ ਸਾਂਭ ਸੰਭਾਲ ਕਰਕੇ ਦੇਸ਼-ਵਿਦੇਸ਼ ਦੇ ਲੋਕਾਂ ਦਾ ਢਿੱਡ ਭਰ ਰਹੇ ਹਨ।
ਪੰਜਾਬ ਸਰਕਾਰ ਨੇ ਪੱਲੇਦਾਰ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਕਟੌਤੀ ਕਰਕੇ ਪੁਰਾਣੇ ਰੇਟਾਂ 'ਤੇ ਕੰਮ ਕਰਨ ਦਾ ਹੁਕਮ ਥੋਪ ਕੇ ਪੱਲੇਦਾਰ ਮਜ਼ਦੂਰਾਂ ਨਾਲ ਵੱਡਾ ਧੱਕਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਮਜ਼ਦੂਰਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੈ ਅਤੇ ਅਜੇ ਤੱਕ ਸਾਡੀਆਂ ਪਿਛਲੇ ਤਿੰਨ ਮਹੀਨੇ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ।
ਪੱਲੇਦਾਰ ਮਜ਼ਦੂਰਾਂ ਦੀ ਕੀਤੀ ਹੱਡ ਭੰਨਵੀਂ ਮਿਹਨਤ ਦੀ ਮਜ਼ਦੂਰੀ ਰੋਕ ਕੇ ਪੰਜਾਬ ਸਰਕਾਰ ਨੇ ਬੇਸ਼ਰਮੀ ਦੀ ਹੱਦ ਪਾਰ ਕਰ ਦਿੱਤੀ ਹੈ। ਮਜਦੂਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਤਰੁੰਤ ਨਾ ਮੰਨੀਆਂ ਤਾਂ ਉਨ੍ਹਾਂ ਵੱਲੋਂ ਜੁਲਾਈ ਤੋਂ ਵੱਡਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।