ਸੰਗਰੂਰ: ਮੂਨਕ ਵਿਖੇ ਘੱਗਰ 'ਚ ਪਏ ਪਾੜ ਨੂੰ ਠੀਕ ਕਰਨ ਲਈ ਰੈਸਕਿਊ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਨਦੀ ਦਾ ਪਾੜ 100 ਫੁੱਟ ਤੋਂ ਵੱਧ ਕੇ 125 ਫੁੱਟ ਤੱਕ ਪਹੁੰਚ ਚੁੱਕਾ ਹੈ। ਇਸ ਪਾੜ ਕਾਰਨ ਸੰਗਰੂਰ, ਪਟਿਆਲਾ ਤੇ ਇੱਥੋਂ ਤੱਕ ਹਰਿਆਣਾ ਦਾ ਸਿਰਸਾ ਵੀ ਪ੍ਰਭਾਵਿਤ ਹੋ ਰਿਹਾ ਹੈ।
ਘੱਗਰ ਦੇ ਪਾੜ ਨੂੰ ਠੀਕ ਕਰਨ ਲਈ ਬਚਾਅ ਕਾਰਜਾਂ ਨੂੰ ਲਗਭਗ 50 ਘੰਟੇ ਹੋ ਚੁੱਕੇ ਹਨ, ਪਰ ਹੁਣ ਤੱਕ ਵੀ ਪ੍ਰਸਾਸ਼ਨ ਇਸ ਪਾੜ ਨੂੰ ਠੀਕ ਕਰਨ ਦੇ ਵਿੱਚ ਨਾਕਾਮ ਰਿਹਾ ਹੈ। ਪਾਣੀ ਘਰਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਆਲੇ ਦੁਆਲੇ ਦੇ ਲਗਭਗ 3 ਦਰਜਨ ਪਿੰਡਾਂ ਵਿੱਚ ਪਾਣੀ ਨੇ ਕਿਸਾਨਾਂ ਦੀਆਂ ਫ਼ਸਲਾਂ ਡੋਬ ਦਿੱਤੀਆਂ ਹਨ ਜਿਸ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਪਟਿਆਲਾ ਦੇ ਸਮਾਣਾ ਅਤੇ ਪਾਤੜਾਂ 'ਚ ਵੀ ਪਾਣੀ ਦਾਖ਼ਲ ਹੋ ਚੁੱਕਾ ਹੈ।