ਸੰਗਰੂਰ: ਕਹਿੰਦੇ ਹਨ ਕਿ ਅਧਿਆਪਕ ਅਜਿਹਾ ਦੀਵਾ ਹੈ, ਜੋ ਖ਼ੁਦ ਬਲ ਕੇ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਉਂਦਾ ਹੈ। ਪਰ ਅੱਜ-ਕੱਲ੍ਹ ਮਾਸਟਰ ਸਕੂਲਾਂ ਦੀ ਬਜਾਏ ਖੇਤਾਂ ਵਿੱਚ, ਇੱਟਾਂ ਦੇ ਭੱਠਿਆਂ ਉੱਤੇ ਜ਼ਿਆਦਾ ਮਿਲਣਗੇ।
ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ-ਘਰ ਨੌਕਰੀ ਦਾ ਨਾਅਰਾ ਮਾਰਿਆ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਈਟੀਵੀ ਭਾਰਤ ਦੀ ਇਸ ਖ਼ਾਸ ਰਿਪੋਰਟ ਵਿੱਚ ਕੈਪਟਨ ਸਰਕਾਰ ਦੇ ਵਾਅਦੇ ਬਿਲਕੁਲ ਝੂਠ ਸਾਬਿਤ ਹੁੰਦੇ ਦਿਖਾਈ ਦੇ ਰਹੇ ਹਨ।
ਸੰਗਰੂਰ ਦਾ ਰਹਿਣ ਵਾਲਾ ਮੱਖਣ ਸਿੰਘ ਜੋ ਕਿ ਐੱਮਏ, ਬੀਐੱਡ ਅਤੇ ਐੱਮਐੱਡ ਦੇ ਨਾਲ-ਨਾਲ ਟੈੱਟ ਪਾਸ ਹੈ ਅਤੇ ਹੋਰ ਵੀ ਕਈ ਡਿਗਰੀਆਂ ਕਰ ਚੁੱਕਿਆ ਹੈ। ਇਹ ਨੌਜਵਾਨ ਇੰਨਾ ਪੜ੍ਹ-ਲਿਖਣ ਤੋਂ ਬਾਅਦ ਵੀ ਸਰਕਾਰੀ ਨੌਕਰੀ ਤੋਂ ਵਾਂਝਾ ਹੈ ਅਤੇ ਘਰ ਦਾ ਖ਼ਰਚ ਚਲਾਉਣ ਦੇ ਲਈ ਇੱਟਾਂ ਦੇ ਭੱਠੇ ਉੱਤੇ ਬਤੌਰ ਪਥੇਰ ਕੰਮ ਕਰ ਰਿਹਾ ਹੈ।
ਮੱਖਣ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਇਹ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ ਅਤੇ ਪੜ੍ਹਾਈ ਲਈ ਚੁੱਕੇ ਖ਼ਰਚ ਨੂੰ ਵਾਪਸ ਮੋੜਣ ਦੇ ਲਈ ਇਹ ਕੰਮ ਕਰ ਰਿਹਾ ਹੈ, ਜੋ ਕਿ ਉਸ ਨੇ ਭੱਠਾ ਮਾਲਕ ਤੋਂ ਹੀ ਲਿਆ ਸੀ।
ਉਸ ਨੇ ਦੱਸਿਆ ਕਿ ਉਸ ਨੂੰ ਇੱਕ ਪ੍ਰਾਇਵੇਟ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਵੀ ਮਿਲੀ ਸੀ, ਪਰ ਉੱਥੇ ਵੀ ਉਸ ਨੂੰ 4000 ਤੋਂ 4500 ਰੁਪਏ ਪ੍ਰਤੀ ਮਹੀਨਾ ਹੀ ਮਿਲਦਾ ਸੀ, ਜੋ ਕਿ ਨਾਕਾਫ਼ੀ ਰਕਮ ਸੀ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਘਰ-ਘਰ ਨੌਕਰੀ ਦਾ ਵਾਅਦਾ ਤਾਂ ਕੀਤਾ ਸੀ, ਪਰ ਉਹ ਸਭ ਵਾਅਦੇ ਫ਼ੋਕੇ ਹੀ ਹਨ।
ਮੱਖਣ ਦੇ ਦੋਸਤ ਪ੍ਰਿਤਪਾਲ ਸਿੰਘ ਦਾ ਵੀ ਇਹੀ ਹਾਲ ਹੈ, ਉਸ ਨੇ ਵੀ ਕਾਫ਼ੀ ਡਿਗਰੀਆਂ ਕਰ ਰੱਖੀਆਂ ਹਨ ਅਤੇ ਸਰਕਾਰੀ ਅਧਿਆਪਕ ਬਣਨ ਦੀ ਯੋਗਤਾ ਉੱਤੇ ਖਰ੍ਹਾ ਉਤਰਦਾ ਹੈ, ਪਰ ਉਸ ਨੂੰ ਵੀ ਨੌਕਰੀ ਨਾ ਮਿਲਣ ਕਾਰਨ ਇੱਟਾਂ ਦੇ ਭੱਠਿਆਂ ਉੱਤੇ ਕੰਮ ਕਰਨਾ ਪੈ ਰਿਹਾ ਹੈ।
ਮੱਖਣ ਨੂੰ ਵਧੀਆ ਨੌਕਰੀ ਨਾ ਮਿਲਣ ਬਾਰੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਰੇ ਸੁਪਨੇ ਹੀ ਰੁਲ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਾਲਾਤ ਬਹੁਤ ਹੀ ਮਾੜੇ ਹਨ, ਜੋ ਨੌਜਵਾਨਾਂ ਦੇ ਇੰਨਾ ਪੜ੍ਹਣ ਤੋਂ ਬਾਅਦ ਵੀ ਭੱਠਿਆਂ ਉੱਤੇ ਕੰਮ ਕਰ ਰਹੇ ਹਨ।