ਮੋਹਾਲੀ: ਸਿਆਸੀ ਪਾਰਟੀਆਂ ਆਪਣੇ ਰੁੱਸੇ ਆਗੂਆਂ ਨੂੰ ਮਨਾਉਣ ਲਈ ਪ੍ਰਧਾਨਗੀਆਂ ਅਤੇ ਚੇਅਰਮੈਨੀਆਂ ਰਿਉੜੀਆਂ ਵਾਂਗ ਵੰਡ ਰਹੀ ਹੈ, ਫ਼ਿਰ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸੀ। ਇਸ ਦਾ ਤਾਜ਼ਾ ਉਦਾਹਰਣ ਕਾਂਗਰਸ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਮਹੀਨਿਆਂ ਤੋਂ ਰੁੱਸੇ ਆਗੂਆਂ ਨੂੰ ਮਨਾਉਣ ਲਈ ਕਾਂਗਰਸੀ ਚੇਅਰਮੈਨੀਆਂ ਵੰਡ ਰਹੀ ਹੈ। ਬੀਤੇ ਦਿਨੀਂ ਵਿਜੇ ਸ਼ਰਮਾ ਉਰਫ ਟਿੰਕੂ ਜਿਸ ਉੱਪਰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਵੀ ਦਰਜ ਹੈ, ਉਸ ਨੂੰ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਦਿੱਤੀ ਗਈ ਹੈ।
ਧਾਰਾ 306 ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਜੇ ਸ਼ਰਮਾ ਨੂੰ ਮਿਲੀ ਯੋਜਨਾ ਬੋਰਡ ਦੀ ਚੇਅਰਮੈਨੀ
ਵਿਜੇ ਸ਼ਰਮਾ ਉਰਫ ਟਿੰਕੂ ਜਿਸ ਉੱਪਰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਵੀ ਦਰਜ ਹੈ, ਉਸ ਨੂੰ ਕਾਂਗਰਸ ਵੱਲੋਂ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਮੋਹਾਲੀ ਦੇ ਚੇਅਰਮੈਨ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਚੱਲ ਰਿਹਾ ਸੀ, ਇਸ ਚੇਅਰਮੈਨੀ ਲਈ ਮੋਰਿੰਡਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨ੍ਹੇ ਜਾਂਦੇ ਵਿਜੈ ਸ਼ਰਮਾ ਉਰਫ ਟਿੰਕੂ ਸ਼ਰਾਬ ਦੇ ਵਪਾਰੀ ਨੂੰ ਦਿੱਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਦਾ ਅਹੁਦਾ ਇੱਕ ਮੋਟੀ ਕਮਾਈ ਵਾਲਾ ਵੀ ਮੰਨਿਆ ਜਾਂਦਾ ਹੈ, ਇਸ ਉੱਪਰ ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ ਵੀ ਇੱਕ ਸਮੇਂ ਬਿਰਾਜਮਾਨ ਸਨ ਅਤੇ ਉੱਘੇ ਪੱਤਰਕਾਰ ਵੀ ਇਸ ਉੱਪਰ ਬਿਰਾਜਮਾਨ ਰਹੇ ਹਨ।
ਕਿਸੇ ਸਮੇਂ ਸਮਾਜ ਸੇਵੀਆਂ ਦੇ ਕੋਲ ਵੀ ਇਹ ਚੇਅਰਮੈਨੀ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਜੇ ਸ਼ਰਮਾ ਉੱਪਰ ਰੋਪੜ ਦੀ ਅਦਾਲਤ ਵਿੱਚ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਵੀ ਦਰਜ ਹੈ। ਇੰਨਾ ਹੀ ਨਹੀਂ ਸਾਬਕਾ ਪ੍ਰਧਾਨ ਨਗਰ ਕੌਸਲ ਮੋਰਿੰਡਾ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਗਿਆ ਕਿ ਇਸ ਵਿੱਚ ਸ਼ਰਮਾ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨਾਲ ਠੱਗੀ ਦਾ ਮਾਮਲਾ ਤੇ ਇਸ ਨੂੰ ਪੁਲਿਸ ਵੱਲੋਂ ਭਗੌੜਾ ਵੀ ਘੋਸ਼ਿਤ ਕਿੱਤਾ ਹੋਇਆ ਹੈ।