ਮੋਹਾਲੀ:ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਪੱਖੀ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਸਮੀਖਿਆ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਸਮੇਤ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਗਜੇਂਦਰ ਸਿੰਘ ਸ਼ੇਖਾਵਤ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਪਾਣੀ ਦੇ ਸੋਮਿਆਂ ਦੀ ਸਾਂਭ-ਸੰਭਾਲ ਸੰਬੰਧੀ ਕੀਤੇ ਕੰਮਾਂ ਅਤੇ ਵੱਖ ਵੱਖ ਲੋਕ ਪੱਖੀ ਕੇਂਦਰੀ ਸਕੀਮਾਂ ਅਧੀਨ ਕੀਤੇ ਗਏ ਕੰਮਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਚਲਾਈਆ ਜਾ ਰਹੀਆਂ ਕੇਂਦਰੀ ਸਕੀਮਾਂ ਦਾ ਜ਼ਾਇਜਾ ਲੈਂਦੇ ਹੋਏ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵੇਸਟ ਪਾਣੀ ਨੂੰ ਵਧੀਆ ਢੰਗ ਨਾਲ ਦੁਬਾਰਾ ਵਰਤੋਂ ਵਿੱਚ ਲਿਆਂਦੇ ਜਾ ਰਹੇ ਉਪਰਾਲਿਆਂ ਨੂੰ ਹੋਰ ਵਧਾਇਆ ਜਾਵੇ ਤਾਂ ਜੋ ਧਰਤੀ ਦੇ ਹੇਠ ਡਿੱਗਦੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਰਿਆਲੀ ਵਧਾਉਣ ਦੇ ਮੰਤਵ ਨਾਲ ਜੋ ਬੂਟੇ ਲਗਾਏ ਗਏ ਹਨ ਉਹ ਵੀ ਪ੍ਰਦੂਸ਼ਣ ਦੀ ਰੋਕਥਾਮ ਨੂੰ ਦੇਖਦਿਆ ਬਹੁਤ ਮਹੱਤਵਪੂਰਨ ਹਨ। ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਮੀਟਿੰਗ ਦੀ ਅਗਵਾਈ ਕਰਦਿਆਂ ਜਲ ਸ਼ਕਤੀ ਮੁਹਿੰਮ ਅਧੀਨ ਪਾਣੀ ਦੀ ਸਾਂਭ ਸੰਭਾਲ ਸਬੰਧੀ ਬਣਾਏ ਸਰੋਤਾਂ ਅਤੇ ਇਸ ਸਬੰਧੀ ਕੀਤੇ ਕੰਮਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ।