ਮੋਹਾਲੀ :ਮੇਨਕਾ ਗਾਂਧੀ ਫਾਊਂਡੇਸ਼ਨ ਨਵੀਂ ਦਿੱਲੀ ਤੋਂ ਮੈਂਬਰਾਂ ਦੀ ਟੀਮ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੋਹਾਲੀ ਵੱਲੋਂ ਪੁਲਿਸ ਟੀਮ ਦੇ ਸਹਿਯੋਗ ਨਾਲ ਖਰੜ ਬੱਸ ਸਟੈਂਡ ਦੇ ਨੇੜਿਓਂ ਜ਼ਹਿਰੀਲੇ ਸੱਪਾਂ ਦੀ ਵਿਕਰੀ ਕਰਨ ਵਾਲੇ ਇੱਕ ਪਰਵਾਸੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਸ ਕੋਲੋਂ 7 ਜ਼ਹਿਰੀਲੇ ਸੱਪਾਂ ਨੂੰ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਇਸ ਵਿਅਕਤੀ ਦਾ ਨਾਮ ਸਿਕੰਦਰ ਪੁੱਤਰ ਸੰਤੋਖ ਨਾਥ ਹੈ, ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਦੇ ਕੁਝ ਯੂਟਿਊਬਰਾਂ ਉੱਤੇ ਸੱਪਾਂ ਦੀ ਖਰੀਦ ਫਰੋਖਤ ਅਤੇ ਉਨ੍ਹਾਂ ਦੇ ਜ਼ਹਿਰ ਕੱਢਣ ਸਬੰਧੀ ਮਾਮਲੇ ਦਰਜ ਹੋਣ ਤੋਂ ਬਾਅਦ ਪੁਲਿਸ ਨਾਲ ਮਿਲ ਕੇ ਕਾਰਵਾਈ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਮਾਮਲੇ ਦੇ ਤਾਰ ਮੋਹਾਲੀ ਨਾਲ ਜੁੜੇ ਹੋਏ ਹਨ। ਇਸ ਤਹਿਤ ਪਲਾਨਿੰਗ ਕਰਦਿਆਂ ਸੱਪ ਖਰੀਦਣ ਲਈ ਇਸ ਵਿਅਕਤੀ (ਸਿਕੰਦਰ) ਨਾਲ ਸੰਪਰਕ ਕੀਤਾ ਗਿਆ। ਜਿਸ ਨੇ ਦੱਸਿਆ ਕਿ ਇਹ ਸੱਪ ਦਿੱਲੀ ਦੇ ਇੱਕ ਨੌਜਵਾਨ ਹਾਰਦਿਕ ਦੇ ਹਨ ਜਿਸ ਨੇ ਪੁਲਿਸ ਕਾਰਵਾਈ ਦੇ ਡਰ ਤੋਂ ਇਹ ਸੱਪ ਇਸ ਕੋਲ ਰੱਖੇ ਸਨ।
4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ:ਦੱਸਣਯੋਗ ਹੈ ਕਿ ਸੱਪਾਂ ਦੇ ਮਾਮਲੇ 'ਚ ਪਹਿਲਾਂ ਬਿੱਗ ਬੌਸ OTT-2 ਦੇ ਜੇਤੂ ਅਤੇ ਗੁਰੂਗ੍ਰਾਮ ਹਰਿਆਣਾ ਦੇ ਯੂਟਿਊਬਰ ਐਲਵੀਸ਼ ਯਾਦਵ ਅਤੇ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਦੇ ਗੀਤਾਂ ਵਿੱਚ ਵਰਤੇ ਗਏ ਸੱਪ ਮੋਹਾਲੀ, ਪੰਜਾਬ ਵਿੱਚ ਫੜੇ ਗਏ ਹਨ। ਖਰੜ ਦੇ ਬੱਸ ਸਟੈਂਡ ਨੇੜੇ ਇਨ੍ਹਾਂ ਸੱਪਾਂ ਸਮੇਤ ਇੱਕ ਤਸਕਰ ਫੜਿਆ ਗਿਆ ਹੈ। 4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ ਹਨ। ਮੁਲਜ਼ਮ ਇਹ ਸੱਪ ਦਿੱਲੀ ਤੋਂ ਲਿਆਏ ਸਨ। 4 ਕੋਬਰਾ ਦਾ ਜ਼ਹਿਰ ਵੀ ਬਾਹਰ ਸੀ।