ਮੋਹਾਲੀ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁੰਹਿਮ ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋ ਨਾਇਬ ਤਹਿਸੀਲਦਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਤਿੰਨ ਰੋਜ਼ਾ ਪੁਲਿਸ ਰਿਮਾਂਡ 'ਤੇ ਨਾਇਬ ਤਹਿਸੀਲਦਾਰ ਮੁਹਾਲੀ ਵਿਜੀਲੈਂਸ ਦੇ ਐੱਸਐੱਸਪੀ ਆਰ.ਕੇ. ਬਖਸ਼ੀ ਨੇ ਦੱਸਿਆ ਕਿ ਰਾਜਪੁਰਾ ਦੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ 10 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਵਿਰੁੱਧ ਵਿਜੀਲੈਂਸ ਥਾਣਾ ਮੋਹਾਲੀ 'ਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪਿੰਡ ਜਵੰਦਾ ਕਲਾਂ (ਤਰਨ ਤਾਰਨ) ਦੇ ਵਸਨੀਕ ਪਰਗਟ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਮੁਲਜ਼ਮ ਕੋਲੋਂ ਦੋ ਲੱਖ ਰੁਪਏ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ ਜਦਕਿ ਬਾਕੀ ਅੱਠ ਰਾਸ਼ੀ ਦੇ 4-4 ਲੱਖ ਦੇ ਦੋ ਚੈੱਕ ਸ਼ਾਮਲ ਹਨ।
ਉਨ੍ਹਾਂ ਦੱਸਿਆ ਦੋਹਾਂ ਨਾਇਬ ਤਹਿਸੀਲਦਾਰਾਂ ਚੋਂ ਹਰਨੇਕ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਅੱਜ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਣ ਤੇ ਮੁੜ 20 ਜਨਵਰੀ ਨੂੰ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਰਗਟ ਸਿੰਘ ਨੇ ਆਪਣੀ ਸਿਕਾਇਤ 'ਚ ਬਿਊਰੋ ਨੂੰ ਦੱਸਿਆ ਕਿ ਉਸ ਦੀ ਆਪਣੀ ਜ਼ਮੀਨ ਦੀ ਵੰਡ ਸਬੰਧੀ ਪਟੀਸ਼ਨ ਨਾਇਬ ਤਹਿਸੀਲਦਾਰ ਬਨੂੜ ਰੁਪਿੰਦਰ ਕੁਮਾਰ ਕੋਲ ਵਿਚਾਰ ਅਧੀਨ ਸੀ। ਜਿਸ ਨੇ ਸ਼ਿਕਾਇਤਕਰਤਾ ਨੂੰ ਨਾਇਬ ਤਹਿਸੀਲਦਾਰ ਰਾਜਪੁਰਾ ਕੋਲ ਜਾਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਨਾਇਬ ਤਹਿਸੀਲਦਾਰ ਰਾਜਪੁਰਾ ਨੇ ਨਾਇਬ ਤਹਿਸੀਲਦਾਰ ਬਨੂੜ ਤੇ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਕੋਲ ਚੱਲ ਰਹੇ ਦੋ ਹੋਰਨਾਂ ਕੇਸਾਂ ਦਾ ਫੈਸਲਾ ਸ਼ਿਕਾਇਤਕਰਤਾ ਦੇ ਹੱਕ 'ਚ ਕਰਵਾਉਣ ਬਦਲੇ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਉਕਤ ਜਾਣਕਾਰੀ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ 2 ਲੱਖ ਰੁਪਏ ਨਕਦ ਅਤੇ 8 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਲੈਂਦੇ ਹੋਏ ਮੁਲਜ਼ਮ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਬਨੂੜ ਉੱਤੇ ਵੀ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ 'ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।