ਰਾਸ਼ਟਰੀ ਸਿੱਖਿਆ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ ਆਰੰਭ
ਸਕੂਲੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਤਹਿਤ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੇ ਮੁਲਾਂਕਣ ਲਈ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ‘ਪੰਜਾਬ ਪ੍ਰਾਪਤੀ ਸਰਵੇਖਣ’ ਅੱਜ ਆਰੰਭ ਹੋ ਗਿਆ ਹੈ।
ਐੱਸ.ਏ.ਐੱਸ. ਨਗਰ : ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਦੀ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਤਹਿਤ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੇ ਮੁਲਾਂਕਣ ਲਈ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ‘ਪੰਜਾਬ ਪ੍ਰਾਪਤੀ ਸਰਵੇਖਣ’ ਅੱਜ ਆਰੰਭ ਹੋ ਗਿਆ ਹੈ। ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲੱਗਭੱਗ 26 ਲੱਖ ਵਿਦਿਆਰਥੀਆਂ ਦਾ ਇਸ ਸਰਵੇਖਣ ਦੇ ਆਖ਼ਰੀ ਅਤੇ ਫਾਈਨਲ ਰਾਊਂਡ ਦਾ ਪਹਿਲਾ ਪੇਪਰ ਅੱਜ ਹੋ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੇ ਬੱਚਿਆਂ, ਬੱਚਿਆਂ ਦੇ ਮਾਪਿਆਂ, ਸਕੂਲ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ‘ਰਾਸ਼ਟਰੀ ਸਿੱਖਿਆ ਦਿਵਸ’ ਦੀ ਮੁਬਾਰਕਬਾਦ ਦਿੰਦਿਆਂ ਅਤੇ ‘ਪੰਜਾਬ ਪ੍ਰਾਪਤੀ ਸਰਵੇਖਣ’ ਦੇ ਇਸ ਮੁਲਾਂਕਣ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੀ.ਐੱਚ.ਟੀ, ਸਕੂਲ ਮੁਖੀਆਂ ਅਤੇ ਅਧਿਆਪਕ ਸਾਹਿਬਾਨਾਂ ਨੇ ਆਪਣੇ ਜ਼ਿਲ੍ਹੇ ਵਿੱਚ ਬੱਚਿਆਂ ਦੀ 100% ਭਾਗੀਦਾਰੀ ਕਰਵਾਉਣ ਲਈ ਅਤੇ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਪੂਰੀ ਤਿਆਰੀ ਕਰਵਾਉਣ ਲਈ ਉਹਨਾਂ ਨਾਲ ਤਾਲਮੇਲ ਰੱਖਦਿਆਂ ਵੈਬੀਨਾਰ, ਅਭਿਆਸ ਪੱਤਰੀਆਂ, ਬੱਡੀ-ਗਰੁੱਪ, ਆਡਿਓ- ਵੀਡੀਓ ਮੈਸਜ਼ ਰਾਹੀਂ ਉਹਨਾਂ ਨੂੰ ਸਖ਼ਤ ਮਿਹਨਤ ਕਰਵਾਈ ਹੈ। ਉਸ ਨਾਲ ਇਸ ਸਰਵੇਖਣ ਦੇ ਨਤੀਜਿਆਂ ਬਾਰੇ ਤਾਂ ਹੁਣ ਸਾਡੇ ਲਈ ਫ਼ਿਕਰ ਵਾਲ਼ੀ ਕੋਈ ਗੱਲ ਹੀ ਨਹੀਂ ਹੈ।ਉਹਨਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਬੱਚੇ ਇਸ ਮੁਲਾਂਕਣ ਵਿੱਚ ਆਪਣੀ ਉੱਚਤਮ ਕਾਰਗੁਜ਼ਾਰੀ ਦਿਖਾਉਣਗੇ। ਸਿੱਖਿਆ ਸਕੱਤਰ ਨੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਇਸ ਸਰਵੇਖਣ ਅਧੀਨ ਪ੍ਰਾਇਮਰੀ ਜਮਾਤਾਂ ਦੇ ਟੈਸਟ 11 ਨਵੰਬਰ ਤੋਂ ਸ਼ੁਰੂ ਹੋ ਕੇ 17 ਨਵੰਬਰ ਤੱਕ ਚੱਲਣਗੇ। ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਟੈਸਟ 11 ਨਵੰਬਰ ਤੋਂ ਸ਼ੁਰੂ ਹੋ ਕੇ 20 ਨਵੰਬਰ ਤੱਕ ਚੱਲਣਗੇ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਇਸ ਸਰਵੇਖਣ ਅਧੀਨ ਟੈਸਟ 11 ਨਵੰਬਰ ਤੋਂ ਸ਼ੁਰੂ ਹੋ ਕੇ 24 ਨਵੰਬਰ ਤੱਕ ਲਏ ਜਾਣਗੇ। ਇਸ ਦੇ ਹਰ ਪੇਪਰ ਦਾ ਲਿੰਕ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ./ਐ.ਸਿੱ.) ਨੂੰ ਪੇਪਰ ਤੋਂ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ ਜੋ 2 ਦਿਨ ਲਈ ਖੁੱਲ੍ਹਾ ਰਹੇਗਾ। ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਈ ਵੀ ਮਹੀਨਾਵਾਰ ਪ੍ਰੀਖਿਆ ਵੱਖਰੇ ਤੌਰ ਤੇ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਵੱਲੋਂ ਇਸ ‘ਪੰਜਾਬ ਪ੍ਰਾਪਤੀ ਸਰਵੇਖਣ’ (ਪੈਸ) ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਹੀ ਸੀ.ਸੀ. ਈ. ਕਰ ਲਿਆ ਜਾਵੇਗਾ।