ਰੂਪਨਗਰ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਦੀ ਮਹਾਂਮਾਰੀ ਕਾਰਨ ਹਰ ਖੇਤਰ ਵਿੱਚ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਇੱਕ ਬਹੁਤ ਵੱਡੀ ਸਮੱਸਿਆ ਹੈ। ਲਗਾਤਾਰ ਦੋ ਮਹੀਨੇ ਮਹਾਂਮਾਰੀ ਕਾਰਨ ਕਰਫਿਊ ਲੱਗਿਆ ਹੋਇਆ ਸੀ ਅਤੇ ਹੁਣ ਵੀ 31 ਮਈ ਤੱਕ ਲਾਕਡਾਊਨ ਜਾਰੀ ਹੈ। ਕੋਰੋਨਾ ਦੀ ਮਹਾਂਮਾਰੀ ਦੇ ਮੱਦੇਨਜ਼ਰ ਲੱਗੇ ਕਰਫਿਊ ਅਤੇ ਤਾਲਾਬੰਦੀ ਦਾ ਪ੍ਰਭਾਵ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਰੂਪਨਗਰ ਜ਼ਿਲ੍ਹੇ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਹੈ।
ਅਜਿਹੇ ਹਾਲਾਤਾਂ ਵਿੱਚ ਜਿੱਥੇ ਕੰਮਕਾਰ ਤੇ ਵਪਾਰ ਆਦਿ ਕਾਫ਼ੀ ਮੰਦੇ ਚੱਲ ਰਹੇ ਹਨ, ਉੱਥੇ ਹੀ, ਰੂਪਨਗਰ ਜ਼ਿਲ੍ਹੇ ਵਿੱਚ ਬੇਰੁਜ਼ਗਾਰਾਂ ਦੀ ਵੀ ਗਿਣਤੀ ਵਧੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਬੇਰੁਜ਼ਗਾਰਾਂ ਨੂੰ ਨੌਕਰੀ ਦੁਆਉਣ ਦੇ ਮੰਤਵ ਨਾਲ ਪੰਜਾਬ ਦੇ ਹਰ ਜ਼ਿਲ੍ਹਿਆਂ ਵਿੱਚ ਰੁਜ਼ਗਾਰ ਦਫ਼ਤਰ ਖੋਲ੍ਹੇ ਗਏ ਹਨ।
ਰੂਪਨਗਰ ਦੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਪਾਲ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਨੇ ਖਾਸ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਦੌਰਾਨ ਰੁਜ਼ਗਾਰ ਦਫ਼ਤਰ ਲਗਾਤਾਰ ਦੋ ਮਹੀਨੇ ਬੰਦ ਰਹੇ ਅਤੇ ਹੁਣ ਵੀ ਲੋਕਡਾਊਨ ਦੇ ਕਾਰਨ ਦਫ਼ਤਰ ਸੁਚਾਰੂ ਰੂਪ ਵਿੱਚ ਕੰਮ ਨਹੀਂ ਕਰ ਪਾ ਰਿਹਾ। ਇਸ ਕਾਰਨ ਉਹ ਜ਼ਿਲ੍ਹੇ ਵਿੱਚ ਮੌਜੂਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿਵਾ ਸਕੇ।
ਰਵਿੰਦਰ ਪਾਲ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਆਨਲਾਈਨ ਕੌਂਸਲਿੰਗ ਦਾ ਕੰਮ ਜਾਰੀ ਹੈ ਅਤੇ ਛੇਤੀ ਹੀ ਉਨ੍ਹਾਂ ਵੱਲੋਂ ਇੱਕ ਵਰਚੁਅਲ ਪਲੇਸਮੈਂਟ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਰਕਾਰੀ ਨੌਕਰੀਆਂ ਵਾਸਤੇ ਆਨਲਾਈਨ ਟ੍ਰੇਨਿੰਗ ਜਾਰੀ ਹੈ।
ਰਵਿੰਦਰਪਾਲ ਨੇ ਦੱਸਿਆ ਕਿ ਆਮ ਦਿਨਾਂ 'ਚ ਉਹ ਮਹੀਨੇ ਦੇ ਵਿੱਚ ਚਾਰ ਪਲੇਸਮੈਂਟ ਕੈਂਪਾ ਦਾ ਪ੍ਰਬੰਧ ਕਰਦੇ ਸਨ, ਜਿਨ੍ਹਾਂ ਵਲੋਂ ਬੇਰੁਜ਼ਗਾਰਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਦੁਆਉਣ ਵਿੱਚ ਸਫ਼ਲ ਹੋ ਰਹੇ ਸਨ, ਪਰ ਹੁਣ ਦਫ਼ਤਰ ਬੰਦ ਹੋਣ ਕਾਰਨ ਇਹ ਕੰਮ ਨਹੀਂ ਹੋ ਪਾ ਰਿਹ। ਇਸ ਕਾਰਨ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਇਆ ਹੈ।
ਰਵਿੰਦਰਪਾਲ ਨੇ ਦੱਸਿਆ ਜਿਵੇਂ ਹੀ ਲਾਕਡਾਊਨ ਖ਼ਤਮ ਹੋ ਜਾਵੇਗਾ, ਤਾਂ ਅਸੀਂ ਜ਼ਿਲ੍ਹੇ ਭਰ ਵਿੱਚ ਮੌਜੂਦ ਬੇਰੁਜ਼ਗਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਨੌਕਰੀ ਦਿਵਾਉਣ ਦਾ ਪੂਰਾ ਪੂਰਾ ਯਤਨ ਕਰਾਂਗੇ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਵੱਲੋਂ ਫ਼ਸਲੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ