ਸ੍ਰੀ ਅਨੰਦਪੁਰ ਸਾਹਿਬ:ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਟਵਿਟਰ ਹੈਂਡਲ ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਨੌਜਵਾਨ ਬੰਦ ਕਮਰੇ ਵਿਚ ਹਾਲ ਬਿਆਨੀ ਕਰ ਰਹੇ ਨੇ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਕੁੱਟਿਆ ਮਾਰਿਆ ਜਾ ਰਿਹਾ ਹੈ। ਇਥੋਂ ਤੱਕ ਕਿ ਹੁਣ ਪਰਿਵਾਰ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ। ਵੀਡੀਓ ਵਿਚ ਕੁਲ 12 ਨੌਜਵਾਨ ਨਜ਼ਰ ਆ ਰਹੇ ਹਨ ਜੋ ਕਿ ਇਸ ਵੇਲੇ ਲੀਬੀਆ 'ਚ ਫਸੇ ਹੋਏ ਹਨ, ਇਹਨਾਂ ਵਿਚੋਂ ਇਕ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਦੂਜੇ ਪਾਸੇ ਇਹਨਾਂ ਨੌਜਵਾਨਾਂ ਦੇ ਪਰਿਵਾਰ ਵੀ ਪਰੇਸ਼ਾਨ ਨੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਘਰ ਲਿਆਂਦਾ ਜਾਵੇ।
ਦਰਅਸਲ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਨੌਜਵਾਨ ਟਰੈਵਲ ਏਜੰਟ ਦੇ ਵੱਲੋਂ ਕੀਤੀ ਧੋਖਾਧੜੀ ਦੇ ਚੱਲਦਿਆਂ ਲਿਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਨੌਜਵਾਨ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੇ ਏਜੰਟ ਵੱਲੋਂ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਤੇ ਉੱਥੇ ਬੈਨਗਾਜੀ ਸ਼ਹਿਰ ਦੀ ਇੱਕ ਸੀਮੈਂਟ ਫੈਕਟਰੀ ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ।
ਤਸ਼ੱਦਦ ਦੀ ਕਹਾਣੀ: ਪਰਿਵਾਰ ਦਾ ਕਹਿਣਾ ਹੈ ਕਿ ਜਦ ਓਹਨਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੀਡੀਆ ਵਿਚ ਖਬਰ ਦਿੱਤੀ ਗਈ। ਜਿਸ ਦਾ ਪਤਾ ਏਜੇਂਟ ਨੂੰ ਲੱਗ ਗਿਆ ਤਾਂ ਉਸ ਏਜੇਂਟ ਨੇ ਨੌਜਵਾਨਾਂ ਨਾਲ ਮਾੜਾ ਵਤੀਰਾ ਕਰਦੇ ਹੋਏ ਖਾਣ ਪੀਣ ਦਾ ਸਾਧਨ ਵੀ ਖੋਹ ਲਿਆ ਅਤੇ ਹੁਣ ਨੌਜਵਾਨ ਭੁੱਖੇ ਹਨ। ਪਰਿਵਾਰ ਨੇ ਦੱਸਿਆ ਕਿ ਉਹ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਆਪਣੀ ਪਛਾਣ ਵੀ ਨਹੀਂ ਦੱਸੀ ਪਰ ਉੱਥੇ ਹੋਰ ਰਹੇ ਤਸ਼ੱਦਦ ਦੀ ਕਹਾਣੀ ਜ਼ਰੂਰ ਸੁਣਾਈ ਕਿ ਕਿਵੇਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਭੁੱਖਿਆਂ ਰੱਖਿਆ ਜਾ ਰਿਹਾ ਹੈ।