ਰੂਪਨਗਰ: ਪੰਜਾਬ ਦੇ ਵਿੱਚ ਬੇਸ਼ੱਕ ਕੋਰੋਨਾ ਦੀ ਮਹਾਂਮਾਰੀ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਭ ਤੋਂ ਪਹਿਲਾਂ ਸੂਬੇ ਦੇ ਵਿੱਚ ਲਗਾਤਾਰ ਦੋ ਮਹੀਨੇ ਕਰਫਿਊ ਵੀ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ 31 ਮਈ ਤੱਕ ਲਈ ਤਾਲਾਬੰਦੀ ਜਾਰੀ ਹੈ।
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਹੁਣ ਤਾਲਾਬੰਦੀ ਬਾਰੇ ਨਵਾਂ ਫੈਸਲਾ ਲੈਣਾ ਹੈ। ਇਸ ਤੋਂ ਪਹਿਲਾਂ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਸ਼ਹਿਰ ਦੇ ਵੱਖ-ਵੱਖ ਵਰਗ ਦੇ ਲੋਕਾਂ ਦੇ ਨਾਲ ਤਾਲਾਬੰਦੀ ਬਾਰੇ ਗੱਲਬਾਤ ਕੀਤੀ ਅਤੇ ਸਵਾਲ ਪੁੱਛਿਆ ਕਿ ਤਾਲਾਬੰਦੀ ਦੀ ਮਿਆਦ ਵਧਾਉਣੀ ਚਾਹੀਦੀ ਹੈ ਜਾਂ ਤਾਲਾਬੰਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰੂਪਨਗਰ ਦੇ ਜ਼ਿਆਦਾਤਰ ਵਾਸੀਆਂ ਨੇ ਕਿਹਾ ਕਿ ਫਿਲਹਾਲ ਪੰਜਾਬ ਦੇ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਮਾਮਲੇ ਵਧ ਰਹੇ ਹਨ, ਜੇ ਜਨਤਾ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤਾਂ ਸੂਬੇ ਦੇ ਵਿੱਚ ਅਗਲੇ ਕੁਝ ਹੋਰ ਦਿਨ ਤੱਕ ਤਾਲਾਬੰਦੀ ਕੀਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਕਈ ਲੋਕਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਤੋਂ ਬਚਣ ਲਈ ਸਿਹਤ ਮਹਿਕਮੇ ਦੀਆਂ ਹਦਾਇਤਾਂ ਜਿਸ ਵਿੱਚ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਕਰਨੀ ਚਾਹੀਦੀ ਹੈ। ਕੁੱਝ ਨੇ ਕਿਹਾ ਕਿ ਤਾਲਾਬੰਦੀ ਹੀ ਕੋਰੋਨਾ ਦੀ ਮਹਾਂਮਾਰੀ ਦਾ ਹੱਲ ਨਹੀਂ ਹੈ ਹੁਣ ਲੋਕ ਸਮਝਦਾਰ ਹੋ ਗਏ ਹਨ ਤੇ ਤਾਲਾਬੰਦੀ ਜਾਂ ਕਰਫਿਊ ਦੀ ਹੁਣ ਪੰਜਾਬ ਦੇ ਵਿੱਚ ਜ਼ਰੂਰਤ ਨਹੀਂ ਹੈ।