ਰੋਪੜ: ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੀ ਪ੍ਰਬੰਧਕ ਕਮੇਟੀ ਅਤੇ ਡੇਰਾ ਕਾਰ ਸੇਵਾ ਵੱਲੋਂ ਐਸਡੀਐਮ ਮੋਰਿੰਡਾ ਦੀਪਾਂਕਰ ਗਰਗ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਅਦਬੀ ਦੇ ਦੋਸ਼ੀ ਦਾ ਕਿਸੇ ਵੀ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਨਾ ਕੀਤਾ ਜਾਵੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਅਤੇ ਤੀਰਥ ਸਿੰਘ ਭਟੋਆ ਨੇ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨ ਵਾਲੇ ਇਸ ਮੁਲਜ਼ਮ ਦੀ ਮੌਤ ਹੋ ਗਈ ਹੈ।
ਗਿਆਨੀ ਰਘਬੀਰ ਸਿੰਘ ਦਾ ਆਦੇਸ਼: ਮੈਂਬਰਾਂ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦੋਸ਼ੀ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕਾਰਨ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੇ ਫੈਸਲੇ ਮੁਤਾਬਿਕ ਮੋਰਿੰਡਾ ਦੇ ਕਿਸੇ ਵੀ ਸ਼ਮਸ਼ਾਨਘਾਟ ਵਿੱਚ ਦੋਸ਼ੀ ਦਾ ਸਸਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾ ਤਾਂ ਕੋਈ ਗ੍ਰੰਥੀ ਅਰਦਾਸ ਕਰੇਗਾ ਅਤੇ ਨਾ ਹੀ ਕੋਈ ਗੁਰਸਿੱਖ ਅੰਤਿਮ ਰਸਮਾਂ ਅਤੇ ਮਰਿਆਦਾ ਵਿੱਚ ਭਾਗ ਲਵੇਗਾ। ਮੈਂਬਰਾਂ ਨੇ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਠ ਲਈ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਕੋਈ ਪਾਠੀ ਸਿੰਘ ਅਤੇ ਕੀਰਤਨੀ ਜਥਾ ਦੋਸ਼ੀ ਦੀ ਅੰਤਿਮ ਅਰਦਾਸ ਅਤੇ ਕੀਰਤਨ ਕਰੇਗਾ। ਮੈਂਬਰਾਂ ਨੇ ਦੱਸਿਆ ਕਿ ਐਸ ਡੀ ਐਮ ਮੋਰਿੰਡਾ ਦੀਪਾਂਕਰ ਗਰਗ ਨੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸ਼ਹਿਰ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਯੋਗ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।