ਰੂਪਨਗਰ: ਖੇਤਾਂ ਵਿੱਚ ਖੜ੍ਹੀ ਫਸਲ 'ਤੇ ਸਪਰੇਅ ਕਰਨਾ, ਪਾਣੀ ਲਾਉਣਾ ਜਾਂ ਕੋਈ ਖਾਦ ਪਾਉਣੀ ਹੈ। ਇਸ ਲਈ ਕਿਸਾਨਾਂ ਨੂੰ ਪਹਿਲਾਂ ਮੌਸਮ ਦਾ ਹਾਲ ਜਾਣਨਾ ਜ਼ਰੂਰੀ ਹੁੰਦਾ ਹੈ। ਇਸ ਤਹਿਤ ਭਾਰਤ ਸਰਕਾਰ ਵੱਲੋਂ ਕਿਸਾਨ ਵੀਰਾਂ ਲਈ ਇੱਕ ਮੇਘਦੂਤ ਨਾਂਅ ਦੀ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਕਿਸਾਨ ਆਉਣ ਵਾਲੇ ਮੌਸਮ ਦਾ ਪੂਰਾ ਹਾਲ, ਖੇਤਾਂ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵੇਖ ਸਕਦੇ ਹਨ।
ਇਸ ਐਪ ਨੂੰ ਕਿਸਾਨ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਆਪਣੇ ਨੰਬਰ ਦੇ ਨਾਲ ਰਜਿਸਟਰਡ ਕਰਕੇ ਇਸ ਨੂੰ ਵਰਤ ਸਕਦੇ ਹਨ।
ਇਹ ਐਪ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਵਿੱਚ ਚੱਲਦੀ ਹੈ। ਮੇਘਦੂਤ ਨਾਂਅ ਦੀ ਇਸ ਐਪ ਰਾਹੀਂ ਉਹ ਬਾਰਿਸ਼, ਤਾਪਮਾਨ, ਨਮੀ ਤੇ ਅਗਲੇ ਤਿੰਨ ਘੰਟਿਆਂ ਦੇ ਵਿੱਚ ਆਉਣ ਵਾਲੇ ਮੌਸਮ ਦਾ ਹਾਲ ਚਾਲ ਸਭ ਕੁਝ ਪਤਾ ਕਰ ਸਕਦੇ ਹਨ। ਜੇਕਰ ਕਿਸੇ ਕਿਸਾਨ ਨੇ ਆਪਣੀ ਫ਼ਸਲ 'ਤੇ ਸਪਰੇਅ ਕਰਨਾ ਹੋਵੇ ਤੇ ਉਸ ਤੋਂ ਬਾਅਦ ਮੀਂਹ ਪੈ ਜਾਵੇ ਤਾਂ ਕੀਤਾ ਹੋਇਆ ਸਪਰੇਅ ਖ਼ਰਾਬ ਹੋ ਜਾਂਦਾ ਹੈ।
ਇਸ ਦੇ ਚਲਦਿਆਂ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ ਪਰ ਹੁਣ ਮੇਘਦੂਤ ਐਪ ਦੇ ਰਾਹੀਂ ਕਿਸਾਨਾਂ ਨੂੰ ਮੌਸਮ ਦਾ ਹਾਲ ਚਾਲ ਪਹਿਲਾਂ ਹੀ ਪਤਾ ਚੱਲ ਜਾਵੇਗਾ। ਉਨ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇਗਾ। ਇਹ ਅਹਿਮ ਜਾਣਕਾਰੀ ਰੋਪੜ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਜੀਐਸ ਮੱਕੜ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਇਸ ਐਪ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਧੁਨਿਕ ਯੁੱਗ ਵਿੱਚ ਭਾਰਤ ਸਰਕਾਰ ਵੱਲੋਂ ਬਣਾਈ ਇਸ ਐਪ ਦਾ ਕਿਸਾਨ ਵੀਰਾਂ ਨੂੰ ਵੱਡਾ ਫਾਇਦਾ ਹੋਵੇਗਾ। ਮੌਸਮ ਦਾ ਹਾਲ ਚਾਲ ਦੱਸਣ ਵਾਲੀ ਇਹ ਮੋਬਾਇਲ ਐਪ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਵਿੱਚ ਚੱਲਦੀ ਹੈ। ਕਿਸਾਨਾਂ ਦੇ ਨਾਲ-ਨਾਲ ਆਮ ਲੋਕ ਵੀ ਇਸ ਦਾ ਲਾਭ ਲੈ ਸਕਦੇ ਹਨ।