ਪੰਜਾਬ

punjab

ETV Bharat / state

ਪੰਜਾਬ ਸਣੇ ਹਰਿਆਣਾ ਤੇ ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਕਹਿਰ, ਮੱਧਮ ਹੋਈ ਵਾਹਨਾਂ ਦੀ ਚਾਲ ਤਾਂ ਵਿਭਾਗ ਦਾ ਅਲਰਟ ਜਾਰੀ - Weather Forecast

Punjab Weather Update : ਪੰਜਾਬ ਸਣੇ ਹਰਿਆਣਾ ਤੇ ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸੜਕਾਂ 'ਤੇ ਵਾਹਨਾਂ ਦੀ ਰਫ਼ਤਾਰ ਤੱਕ ਮੱਧਮ ਪੈ ਗਈ ਅਤੇ ਸ਼ੁੱਕਰਵਾਰ ਸਵੇਰੇ ਵਿਜ਼ੀਬਿਲਟੀ 50 ਮੀਟਰ ਦਰਜ ਕੀਤੀ ਸੀ।

ਧੁੰਦ ਦਾ ਕਹਿਰ
ਧੁੰਦ ਦਾ ਕਹਿਰ

By ETV Bharat Punjabi Team

Published : Jan 5, 2024, 1:01 PM IST

ਪੰਜਾਬ ਸਣੇ ਹਰਿਆਣਾ ਤੇ ਚੰਡੀਗੜ੍ਹ 'ਚ ਧੁੰਦ ਦਾ ਕਹਿਰ

ਚੰਡੀਗੜ੍ਹ/ਰੂਪਨਗਰ: ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਠੰਢ ਆਪਣੇ ਸਿਖਰ 'ਤੇ ਪਹੁੰਚ ਗਈ ਹੈ। ਸੰਘਣੀ ਧੁੰਦ ਕਾਰਨ ਸ਼ੁੱਕਰਵਾਰ ਸਵੇਰੇ ਵਿਜ਼ੀਬਿਲਟੀ 50 ਮੀਟਰ ਸੀ। ਇਸ ਦਾ ਅਸਰ ਰੇਲਾਂ ਅਤੇ ਉਡਾਣਾਂ 'ਤੇ ਦੇਖਣ ਨੂੰ ਮਿਲਿਆ। ਅੱਜ ਚੰਡੀਗੜ੍ਹ ਤੋਂ 5 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਤੋਂ ਦਿੱਲੀ, ਚੰਡੀਗੜ੍ਹ ਤੋਂ ਮੁੰਬਈ, ਚੰਡੀਗੜ੍ਹ ਤੋਂ ਹੈਦਰਾਬਾਦ, ਚੰਡੀਗੜ੍ਹ ਤੋਂ ਲਖਨਊ, ਚੰਡੀਗੜ੍ਹ ਤੋਂ ਬੈਂਗਲੁਰੂ ਅਤੇ ਚੰਡੀਗੜ੍ਹ ਤੋਂ ਚੇਨਈ ਦੀਆਂ ਉਡਾਣਾਂ ਸ਼ਾਮਲ ਹਨ। ਧੁੰਦ ਕਾਰਨ ਨਵੀਂ ਦਿੱਲੀ ਤੋਂ ਚੰਡੀਗੜ੍ਹ ਸ਼ਤਾਬਦੀ, ਵੰਦੇ ਭਾਰਤ ਟਰੇਨ ਨਿਰਧਾਰਤ ਸਮੇਂ ਤੋਂ 30 ਮਿੰਟ ਦੇਰੀ ਨਾਲ ਪਹੁੰਚੀ। ਚੰਡੀਗੜ੍ਹ ਸਹਾਰਨਪੁਰ ਲਖਨਊ ਐਕਸਪ੍ਰੈਸ 2 ਘੰਟੇ, ਲਖਨਊ ਚੰਡੀਗੜ੍ਹ ਐਕਸਪ੍ਰੈਸ 3 ਘੰਟੇ ਲੇਟ ਪਹੁੰਚੀ। ਨੇਤਾਜੀ ਸੁਭਾਸ਼ ਚੰਦਰ ਬੋਸ ਟ੍ਰੇਨ 4 ਘੰਟੇ ਦੇਰੀ ਨਾਲ ਪਹੁੰਚੀ।

ਪੰਜਾਬ 'ਚ ਹੇਠਾਂ ਡਿੱਗ ਰਿਹਾ ਪਾਰਾ: ਪੰਜਾਬ ਵਿੱਚ ਮੌਸਮ ਵਿਭਾਗ ਨੇ 10 ਜਨਵਰੀ ਤੱਕ ਧੁੱਪ ਨਾ ਨਿਕਲਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਲੱਗਭਗ ਸਾਰੇ ਜ਼ਿਲ੍ਹਿਆਂ 'ਚ ਪੈ ਰਹੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਘੱਟ ਕਰ ਦਿੱਤੀ ਅਤੇ ਨਾਲ ਹੀ ਦਿਨ ਸਮੇਂ ਵੀ ਵਾਹਨ ਚਾਲਕ ਲਾਈਟਾਂ ਚਲਾ ਕੇ ਤੁਰਨ ਨੂੰ ਮਜ਼ਬੂਰ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਪਿਛਲੇ 3 ਦਿਨਾਂ ਤੋਂ ਸ਼ਿਮਲਾ ਵਰਗੀ ਠੰਡ ਪੈ ਰਹੀ ਹੈ। ਅੱਜ ਇੱਥੇ ਤਾਪਮਾਨ ਸ਼ਿਮਲਾ ਨਾਲੋਂ 1 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਸ਼ਹਿਰ ਦਾ ਤਾਪਮਾਨ 5 ਡਿਗਰੀ ਰਿਹਾ ਜਦਕਿ ਸ਼ਿਮਲਾ ਵਿੱਚ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਹਿਮਾਚਲ ਵਿੱਚ ਅੱਜ ਦਿਨ ਭਰ ਮੌਸਮ ਸਾਫ਼ ਰਹੇਗਾ।

ਪਿਛਲੇ 12 ਸਾਲਾਂ 'ਚ ਸਭ ਤੋਂ ਘੱਟ ਤਾਪਮਾਨ: ਉਥੇ ਹੀ ਹਰਿਆਣਾ 'ਚ ਕੱਲ ਯਾਨੀ ਵੀਰਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 11 ਡਿਗਰੀ ਹੇਠਾਂ ਆ ਗਿਆ। ਪਹਿਲੀ ਵਾਰ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 15 ਡਿਗਰੀ ਤੋਂ ਘੱਟ ਰਿਹਾ। ਭਿਵਾਨੀ 'ਚ 8.4 ਡਿਗਰੀ 'ਤੇ ਆ ਗਿਆ, ਜੋ ਜਨਵਰੀ 'ਚ ਸੂਬੇ 'ਚ 12 ਸਾਲਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 27 ਜਨਵਰੀ 2011 ਨੂੰ ਹਿਸਾਰ ਵਿੱਚ ਦਿਨ ਦਾ ਤਾਪਮਾਨ 8 ਡਿਗਰੀ ਸੀ।

ਪੰਜਾਬ 'ਚ ਓਰੇਂਜ ਅਤੇ ਯੈਲੋ ਅਲਰਟ: ਪੰਜਾਬ ਵਿੱਚ ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਹੈ। ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਹੀ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਹੋਵੇਗਾ।

ਹਰਿਆਣਾ 'ਚ ਘੱਟ ਹੋਈ ਵਿਜ਼ੀਬਿਲਟੀ : ਹਰਿਆਣਾ 'ਚ ਮੌਸਮ ਵਿਭਾਗ ਨੇ ਕੜਾਕੇ ਦੀ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਛਾਈ ਰਹਿੰਦੀ ਹੈ। ਸਵੇਰੇ ਅਤੇ ਰਾਤ ਨੂੰ 50 ਮੀਟਰ ਤੱਕ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਹਰਿਆਣਾ ਦੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 8 ਜਨਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 9 ਜਨਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਮੌਸਮ ਫਿਰ ਖੁਸ਼ਕ ਹੋ ਜਾਵੇਗਾ।

ਚੰਡੀਗੜ੍ਹ 'ਚ ਹਾਲੇ ਨਹੀਂ ਮਿਲੇਗੀ ਠੰਢ ਤੋਂ ਰਾਹਤ: ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨਾਂ ਤੱਕ ਠੰਢ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ 3 ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਠੰਡ ਦੇ ਨਾਲ-ਨਾਲ ਧੁੰਦ ਵੀ ਰਹੇਗੀ। ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਬੀਤੀ ਰਾਤ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਰਾਤ ਦਾ ਘੱਟੋ-ਘੱਟ ਤਾਪਮਾਨ 5.7 ਡਿਗਰੀ ਦਰਜ ਕੀਤਾ ਗਿਆ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਹੈ। ਅਗਲੇ ਤਿੰਨ ਦਿਨਾਂ ਤੱਕ ਘੱਟੋ-ਘੱਟ ਤਾਪਮਾਨ 7 ਅਤੇ 8 ਡਿਗਰੀ ਰਹਿਣ ਦੀ ਸੰਭਾਵਨਾ ਹੈ।

ਟੈਕਸੀ ਚਾਲਕਾਂ ਨੂੰ ਹੋ ਰਿਹਾ ਨੁਕਸਾਨ:ਇਸ ਨੂੰ ਲੈਕੇ ਟੈਕਸੀ ਚਾਲਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੌਸਮ ਦੀ ਮਾਰ ਨਾਲ ਆਰਥਿਕਤਾ ਦੀ ਮਾਰ ਵੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਗੱਲ ਤਾਂ ਉਨ੍ਹਾਂ ਨੂੰ ਕੋਈ ਸੌਖਾ ਗੇੜਾ ਹੀ ਨਹੀਂ ਮਿਲਦਾ ਤੇ ਜੇਕਰ ਮਿਲਦਾ ਵੀ ਹੈ ਤਾਂ ਨਿਸਚਿਤ ਸਥਾਨ 'ਤੇ ਪਹਿਲਾਂ ਜਿੰਨਾ ਆਮ ਦਿਨਾਂ 'ਚ ਸਮਾਂ ਲੱਗਦਾ ਸੀ ਉਸ ਨਾਲੋਂ ਦੁੱਗਣਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਡੀਜ਼ਲ ਦੀ ਖ਼ਪਤ ਜ਼ਿਆਦਾ ਆਈ ਹੈ ਤਾਂ ਉਥੇ ਹੀ ਦਿਨ ਦੇ ਵਿੱਚ ਲੱਗਣ ਵਾਲੇ ਚਕੱਰਾਂ 'ਚ ਵੀ ਕਮੀ ਆਈ ਹੈ, ਜਿਸ ਨੇ ਸਿੱਧੇ ਉਨ੍ਹਾਂ ਦੀ ਜੇਬ੍ਹ 'ਤੇ ਅਸਰ ਪਾਇਆ ਹੈ।

ਸਬਜ਼ੀ ਵਿਰੇਤਾ ਨੂੰ ਵੀ ਝੱਲਣੀ ਪੈ ਰਹੀ ਮਾਰ: ਦੂਜੇ ਪਾਸੇ ਸਬਜ਼ੀ ਵਿਕਰੇਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਤਿੰਨ ਪਹੀਆ ਰੇਹੜੀ ਉੱਤੇ ਸਬਜ਼ੀ ਵੇਚਣ ਦੇ ਲਈ ਪਿੰਡ-ਪਿੰਡ ਜਾਂਦਾ ਹੈ ਅਤੇ ਇਸ ਕੜਕ ਦੀ ਠੰਡ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਸਬਜ਼ੀ ਲੈਣ ਦੇ ਲਈ ਜਦੋਂ ਉਹ ਹੌਕੇ ਮਾਰਦਾ ਹੈ ਤਾਂ ਲੋਕ ਸਬਜ਼ੀ ਲੈਣ ਦੇ ਲਈ ਠੰਢਦੇ ਕਾਰਨ ਬਾਹਰ ਨਹੀਂ ਆ ਰਹੇ,ਜਿਸ ਕਰਕੇ ਉਸ ਨੂੰ ਰੋਜ਼ਾਨਾ ਆਪਣੀ ਸਬਜ਼ੀ ਨਿੱਜੀ ਹੋਟਲਾਂ ਦੇ ਵਿੱਚ ਘੱਟ ਮੁੱਲ ਉੱਤੇ ਵੇਚਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਲਈ ਭੁੱਖੇ ਮਰਨ ਵਾਲੇ ਹਾਲਾਤ ਹੋ ਜਾਣਗੇ।

ABOUT THE AUTHOR

...view details