ਰੂਪਨਗਰ: ਜ਼ਿਲ੍ਹੇ ਵਿੱਚ ਸੂਬਾ ਪੱਧਰੀ ਬਾਡੀ ਬਿਲਡਿੰਗ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਵੱਖ ਵੱਖ ਕੈਟਾਗਰੀਆਂ ਦੇ ਮੁਕਾਬਲੇ 'ਚ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਜੱਜਾਂ ਵੱਲੋਂ ਦਿੱਤੇ ਗਏ ਫੈਸਲੇ ਨੂੰ ਗ਼ਲਤ ਦੱਸਦੇ ਹੋਏ ਇੱਕ ਪ੍ਰਤੀਭਾਗੀ ਅਤੇ ਉਸ ਦੇ ਕੋਚ ਨੇ ਹੰਗਾਮਾ ਕੀਤਾ।
ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਹੰਗਾਮਾ ਜਾਣਕਾਰੀ ਮੁਤਾਬਕ ਇਹ ਹੰਗਾਮਾ ਫਿਜ਼ਿਕ- ਮਸਲ ਮੁਕਾਬਲੇ ਦੀ ਚੈਂਪੀਅਨਸ਼ਿਪ ਨੂੰ ਲੈ ਕੇ ਕੀਤਾ ਗਿਆ। ਇੱਕ ਸਥਾਨਕ ਜਿੰਮ ਦੇ ਕੋਚ ਨੇ ਇਨ੍ਹਾਂ ਮੁਕਾਬਲਿਆਂ ਦਾ ਜੱਜਮੈਂਟ ਕਰ ਰਹੇ ਜੱਜਾਂ ਦੇ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਕੀਤੀ। ਹੰਗਾਮੇ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕੋਚ ਰਾਜ ਨੇ ਦੱਸਿਆ ਕਿ ਅਸੀਂ ਰਲ- ਮਿਲ ਕੇ ਰੂਪਨਗਰ 'ਚ ਸੂਬਾ ਪੱਧਰੀ ਮੁਕਾਬਲਾ ਕਰਵਾ ਰਹੇ ਹਾ ਅਤੇ ਆਈਬੀਐਫ ਨਾਲ ਜੁੜੇ ਜੱਜ ਸਾਹਿਬਾਨ ਦਾ ਅਸੀਂ ਪੂਰਾ ਆਦਰ ਸਤਿਕਾਰ ਕੀਤਾ ਪਰ ਇਨ੍ਹਾਂ ਵੱਲੋਂ ਮੁਕਾਬਲਿਆਂ ਦੇ ਵਿੱਚ ਗਲਤ ਜੱਜਮੈਂਟ ਦਿੱਤੀ ਗਈ ਹੈ।
ਰਾਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੇ ਨਾਲ ਜੁੜੇ ਨੂੰ ਹੀ ਚੈਂਪੀਅਨ ਡਿਕਲੇਅਰ ਕਰ ਦਿੱਤਾ ਜਦਕਿ ਮਨਿੰਦਰ ਜੋ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਗੋਲਡ ਜੇਤੂ ਹੈ ਬਾਡੀ ਬਿਲਡਿੰਗ ਦੇ ਮੁਕਾਬਲੇ 'ਚ ਭਾਗ ਲੈਣ ਵਾਲਾ ਨਵਾਂ ਖਿਡਾਰੀ ਹੈ, ਉਸ ਨੂੰ ਸਿਲਵਰ ਮੈਡਲ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨਜਿੰਦਰ ਦੀ ਥਾਂ ਗੋਲਡ ਮੈਡਲ ਹਾਸਲ ਕਰਨ ਵਾਲਾ ਨੌਜਵਾਨ ਮਨਿੰਦਰ ਨਾਲੋਂ ਕਾਫ਼ੀ ਕਮਜ਼ੋਰ ਹੈ। ਉਧਰ ਮਨਿੰਦਰ ਵੀ ਜੱਜਾਂ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਨਜ਼ਰ ਆਇਆ।
ਇਸ ਮੁਕਾਬਲੇ ਵਿੱਚ ਜੱਜਮੈਂਟ ਦੇਣ ਵਾਲੇ ਜੱਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਇੰਡੀਅਨ ਬਾਡੀ ਬਿਲਡਰ ਐਸੋਸੀਏਸ਼ਨ ਦੇ ਵਿੱਚ ਨੈਸ਼ਨਲ ਜੱਜ ਹਨ। ਉਨ੍ਹਾਂ ਦੱਸਿਆ ਕਿ ਇਹ ਵਿਵਾਦ ਪੂਰੀ ਤਰ੍ਹਾਂ ਗ਼ਲਤ ਹੈ। ਕਿਉਂਕਿ ਬਾਡੀ ਬਿਲਡਿੰਗ ਕੈਟਾਗਰੀ ਅਤੇ ਮੈਨਜ਼ ਫਜਿਕ ਕੈਟਾਗਰੀ ਦੋਵੇਂ ਵੱਖ-ਵੱਖ ਮੁਕਾਬਲੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਜੋ ਬਾਡੀ ਬਿਲਡਿੰਗ ਚੈਂਪੀਅਨ ਹੈ ਉਹੀ ਮੈਨ ਫਿਜ਼ਿਕਸ ਚੈਂਪੀਅਨ ਬਣੇ ਕਿਉਂਕਿ ਕੌਮਾਂਤਰੀ ਲੈਵਲ ਤੇ ਦੋਨਾਂ ਮੁਕਾਬਲਿਆਂ ਦੇ ਵਿੱਚ ਜੱਜਮੈਂਟ ਦੇ ਰੂਲ ਬਿਲਕੁਲ ਵੱਖ-ਵੱਖ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕ ਜੱਜਮੈਂਟ ਦੇ ਇਨ੍ਹਾਂ ਰੂਲਾਂ ਬਾਰੇ ਜਾਗਰੂਕ ਨਹੀਂ ਹਨ, ਇਸ ਕਾਰਨ ਅਕਸਰ ਅਜਿਹੇ ਵਿਵਾਦ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜੱਜਮੈਂਟ ਪੂਰੀ ਤਰ੍ਹਾਂ ਨਿਰਪੱਖ ਤੇ ਕੌਮਾਂਤਰੀ ਨਿਯਮਾਂ ਮੁਤਾਬਕ ਕੀਤੀ ਗਈ ਹੈ।
ਇਹ ਵਿਵਾਦ ਕਾਫ਼ੀ ਦੇਰ ਤੱਕ ਚੱਲਿਆ ਪਰ ਬਾਅਦ ਦੋਹਾਂ ਧਿਰਾਂ ਸ਼ਾਂਤ ਹੋ ਗਈਆਂ ਅਤੇ ਜੱਜਾਂ ਵੱਲੋਂ ਦਿੱਤੇ ਗਏ ਫੈਸਲੇ ਕਾਇਮ ਰਹੇ।